ਨਿੱਜੀ ਪੱਤਰ ਪ੍ਰੇਰਕ/ਪੱਤਰ ਪ੍ਰੇਰਕ
ਰਾਜਪੁਰਾ, 23 ਨਵੰਬਰ
ਸਵੱਛਤਾ ਸਰਵੇਖਣ ਤਹਿਤ ਕੌਮੀ ਪੱਧਰ ’ਤੇ ਰਾਜਪੁਰਾ ਸ਼ਹਿਰ ਨੂੰ ਇੰਡੀਆ ਨਾਰਥ ਜ਼ੋਨ ਵਿਚ ਪਹਿਲਾ ਸਥਾਨ ਮਿਲਣ ’ਤੇ ਨਗਰ ਕੌਂਸਲ ਦਫ਼ਤਰ ਵਿਚ ਕੌਂਸਲ ਪ੍ਰਧਾਨ ਨਰਿੰਦਰ ਸ਼ਾਸਤਰੀ, ਸੀਨੀਅਰ ਮੀਤ ਪ੍ਰਧਾਨ ਅਮਨਦੀਪ ਸਿੰਘ ਨਾਗੀ ਦੀ ਸਾਂਝੀ ਅਗਵਾਈ ਹੇਠ ਸਫ਼ਾਈ ਕਰਮਚਾਰੀਆਂ ਦੇ ਸਨਮਾਨ ਲਈ ਸਮਾਗਮ ਕੀਤਾ ਗਿਆ। ਇਸ ਵਿਚ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਮੁੱਖ ਮਹਿਮਾਨ ਵਜੋਂ, ਏਡੀਸੀ ਪਟਿਆਲਾ ਗੌਤਮ ਜੈਨ, ਜਸ਼ਨਪ੍ਰੀਤ ਕੌਰ ਕਾਰਜਸਾਧਕ ਅਫ਼ਸਰ ਪੁੱਡਾ, ਈ.ਓ. ਰਾਜਪੁਰਾ ਰਵਨੀਤ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦੌਰਾਨ ਵਿਧਾਇਕ ਕੰਬੋਜ ਨੇ ਸਵੱਛਤਾ ਸਰਵੇਖਣ ਵਿਚ ਰਾਜਪੁਰਾ ਸ਼ਹਿਰ ਦਾ ਨਾਂ ਪਹਿਲੇ ਦਰਜੇ ਵਿਚ ਆਉਣ ’ਤੇ ਸਮੂਹ ਸਫ਼ਾਈ ਕਾਮਿਆਂ ਨੂੰ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਆ। ਉਨ੍ਹਾਂ ਕਿਹਾ ਕਿ ਰਾਜਪੁਰਾ ਸ਼ਹਿਰ ਨੂੰ ਮਿਲੇ ਐਵਾਰਡ ਨਾਲ ਹੁਣ ਹਰ ਸਾਲ ਸਰਕਾਰ ਦੇ ਫਾਇਨਾਂਸ ਵਿਭਾਗ ਵੱਲੋਂ ਮਿਲਦੀ ਗਰਾਂਟ ਵਿਚ 25 ਤੋਂ 30 ਫ਼ੀਸਦੀ ਵਾਧਾ ਹੋਵੇਗਾ। ਉਨ੍ਹਾਂ ਇਸ ਜਿੱਤ ਦਾ ਸਿਹਰਾ ਨਗਰ ਕੌਂਸਲ ਦੀ ਮਿਹਨਤੀ ਟੀਮ, ਸਫ਼ਾਈ ਕਰਮਚਾਰੀਆਂ ਸਿਰ ਬੰਨ੍ਹਿਆ।