ਸਰਬਜੀਤ ਸਿੰਘ ਭੰਗੂ
ਪਟਿਆਲਾ, 6 ਦਸੰਬਰ
ਪੰਜਾਬ ਸਰਕਾਰ ਵੱਲੋਂ ਜਲ ਸਰੋਤ ਵਿਭਾਗ ਦਾ ਪੁਨਰਗਠਨ ਕਰਨ ਦਾ ਫ਼ੈਸਲਾ ਲੈਣ ਕਾਰਨ ਮੁਲਾਜ਼ਮਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਪਰ ਵਿਭਾਗ ਦੇ ਮੁੱਖ ਇੰਜਨੀਅਰ (ਚੌਕਸੀ) ਅਸ਼ਵਨੀ ਕੁਮਾਰ ਕਾਂਸਲ ਤੇ ਮੁੱਖ ਇੰਜਨੀਅਰ ਹੈੱਡਕੁਆਟਰ ਈਸ਼ਵਰ ਦਾਸ ਗੋਇਲ ਸਣੇ ਕੁਝ ਹੋਰ ਅਧਿਕਾਰੀਆਂ ਨੇ ਮੁਲਾਜ਼ਮਾਂ ਦੀਆਂ ਕਈ ਮੰਗਾਂ ’ਤੇ ਹਮਦਰਦੀ ਨਾਲ਼ ਵਿਚਾਰ ਕਰਨ ਸਮੇਤ ਇਨ੍ਹਾਂ ਦੀ ਪੂਰਤੀ ਦਾ ਭਰੋਸਾ ਦਿੱਤਾ ਹੈ। ਅਧਿਕਾਰੀਆਂ ਦਾ ਤਰਕ ਸੀ ਕਿ ਕਲਰਕਾਂ ਦੀਆਂ ਅਸਾਮੀਆਂ ਘੱਟ ਨਹੀਂ ਕੀਤੀਆਂ ਜਾਣਗੀਆਂ ਤੇ ਸਰਕਲ ਸੁਪਰਡੈਂਟ ਦੀ ਅਸਾਮੀ ਨੂੰ ਅੱਪਗ੍ਰੇਡ ਕਰਕੇ ਗ੍ਰੇਡ ਵੰਨ ਕੀਤਾ ਜਾਵੇਗਾ। ਅਧਿਕਾਰੀ ਦਾ ਇਹ ਵੀ ਕਹਿਣਾ ਸੀ ਕਿ ਦਫ਼ਤਰ ਦੇ ਕੰਮਕਾਜ ਨੂੰ ਸੁਚੱਜਾ ਕਰਨ ਲਈ ਲਾਅ ਸੁਪਰਡੈਂਟ, ਅਸਿਸਟੈਂਟ ਤੇ ਲੀਗਲ ਕਲਰਕਾਂ ਸਣੇ ਮੰਡਲ ਦਫ਼ਤਰਾਂ ’ਚ ਆਈ.ਟੀ ਕਲਰਕ ਵੀ ਦਿੱਤੇ ਜਾਣ ਦਾ ਭਰੋਸਾ ਦਿਵਾਇਆ।
ਜਥੇਬੰਦੀ ਦੇ ਸੂਬਾ ਪ੍ਰਧਾਨ ਖੁਸ਼ਿਵੰਦਰ ਕਪਿਲਾ ਅਤੇ ਸੂਬਾ ਜਨਰਲ ਸਕੱਤਰ ਬਚਿੱਤਰ ਸਿੰਘ ਦੀ ਅਗਵਾਈ ਹੇਠਾਂ ਹੋਏ ‘ਜਲ ਸਰੋਤ ਵਿਭਾਗ ਮਨਿਸਟਰੀਅਲ ਸਰਵਿਸਿਜ਼ ਐਸੋਸੀਏਸ਼ਨ ਪੰਜਾਬ’ ਦੇ ਸਾਲਾਨਾ ਸੂਬਾਈ ਡੈਲੀਗੇਟ ਇਜਲਾਸ ਨੂੰ ਸੰਬੋਧਨ ਕਰ ਰਹੇ ਸਨ। ਅਧਿਕਾਰੀਆਂ ਨੇ ਇਹ ਵੀ ਵਿਸ਼ਵਾਸ ਦਿਵਾਇਆ ਕਿ ਪਦ ਉੱਨਤੀਆਂ ਤੇ ਪੈਡਿੰਗ ਸੀਨੀਆਰਤਾ ਸੂਚੀਆਂ ਦਾ ਮਸਲਾ ਵੀ ਜਲਦੀ ਹੱਲ ਕੀਤਾ ਜਾ ਰਿਹਾ ਹੈ। ਸਹਾਇਕ ਸਟੋਰ ਕੀਪਰਾਂ ਨੂੰ ਕਲਰਕਾਂ ਦੀ ਸੀਨੀਆਰਤਾ ਸੂਚੀ ਵਿਚ ਪਾ ਦਿੱਤਾ ਗਿਆ ਹੈ ਤੇ ਜੂਨੀਅਰ ਸਹਾਇਕਾਂ ਦੀ ਪਲੇਸਮੈਂਟ ਦੇ ਹੁਕਮ ਜਨਵਰੀ 2021 ’ਚ ਜਾਰੀ ਕਰ ਦਿੱਤੇ ਜਾਣਗੇ।
ਜਿਸ ਦੌਰਾਨ ਨਿਗਰਾਨ ਇੰਜਨੀਅਰ ਦਵਿੰਦਰ ਸਿੰਘ, ਵਿਜੇ ਕੁਮਾਰ ਗਰਗ, ਹਾਕਮ ਸਿੰਘ ਤੇ ਕਾਰਜਕਾਰੀ ਇੰਜਨੀਅਰ ਰਮਨਦੀਪ ਸਿੰਘ ਬੈਂਸ ਸਣੇ ਹੋਰ ਅਧਿਕਾਰੀ ਵੀ ਸ਼ਾਮਲ ਹੋਏ। ਜਥੇਬੰਦੀ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ ਗਈ ਤੇ ਪਿਛਲੇ ਸਾਲ ਦੀ ਕਾਰਗੁਜ਼ਾਰੀ ਤੇ ਸਾਰੇ ਸਾਥੀਆਂ ਨੇ ਤਸੱਲੀ ਦਾ ਪ੍ਰਗਟਾਵਾ ਕੀਤਾ।