ਰਾਵੇਲ ਸਿੰਘ ਭਿੰਡਰ
ਪਟਿਆਲਾ, 18 ਅਗਸਤ
ਸਥਾਨਕ ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ ਪਟਿਆਲਾ ਦੇ ਅਧਿਆਪਕਾਂ ਅਤੇ ਦਫ਼ਤਰੀ ਅਮਲੇ ਵੱਲੋਂ 10 ਵੱਖ-ਵੱਖ ਟੀਮਾਂ ਦਾ ਗਠਨ ਕਰ ਕੇ ਸਾਂਝ ਕੇਂਦਰ ਸਦਰ ਥਾਣਾ ਪਟਿਆਲਾ ਅਤੇ ਆਰਕੀਟੈਕਚਰ ਐਸੋਸੀਏਸ਼ਨ ਪਟਿਆਲਾ ਦੇ ਸਹਿਯੋਗ ਨਾਲ ਪਟਿਆਲਾ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ’ਚ ਮਿਸ਼ਨ ਫ਼ਤਿਹ ਤਹਿਤ ਜਾਗਰੂਕਤਾ ਮੁਹਿੰਮ ਚਲਾਈ ਗਈ। ਕਾਲਜ ਦੇ ਪ੍ਰਿੰਸੀਪਲ ਰਵਿੰਦਰ ਸਿੰਘ ਹੁੰਦਲ ਦੀ ਅਗਵਾਈ ’ਚ ਜ਼ਿਲ੍ਹੇ ਦੀਆਂ ਸਮੂਹ ਤਕਨੀਕੀ ਸਿੱਖਿਆ ਸੰਸਥਾਵਾਂ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਜਾਗਰੂਕਤਾ ਪੈਦਾ ਕੀਤੀ ਗਈ ਅਤੇ ਕੋਵਾ ਐਪ ਡਾਊਨਲੋਡ ਕਰਨ ਲਈ ਆਮ ਲੋਕਾਂ ਨੂੰ ਪ੍ਰੇਰਿਤ ਕੀਤਾ ਗਿਆ। ਇਸ ਦੌਰਾਨ ਪ੍ਰਿੰਸੀਪਲ ਰਵਿੰਦਰ ਸਿੰਘ ਹੁੰਦਲ ਅਤੇ ਬਲਜੀਤ ਕੌਰ ਹੁੰਦਲ ਦੀ ਟੀਮ ਵੱਲੋਂ ਅਰਬਨ ਅਸਟੇਟ ਲੇਬਰ ਚੌਕ, ਬਾਈਪਾਸ ਦੀਆਂ ਬੱਤੀਆਂ, ਟਰੱਕ ਯੂਨੀਅਨ ਦੀਆਂ ਟਰੈਫ਼ਿਕ ਲਾਈਟਾਂ ਉਪਰ ਬਿਨਾਂ ਮਾਸਕ ਤੋਂ ਜਾ ਰਹੇ ਵਿਅਕਤੀਆਂ ਨੂੰ ਮਾਸਕ ਪਹਿਨਾਏ ਗਏ।
ਰਾਜਿੰਦਰਾ ਹਸਪਤਾਲ ’ਚ ਮਰੀਜ਼ਾਂ ਦੀਆਂ ਮੁਸ਼ਕਲਾਂ ਹੱਲ ਕਰਨ ਦੀ ਅਪੀਲ
ਪਟਿਆਲਾ (ਪੱਤਰ ਪ੍ਰੇਰਕ): ਅੱਜ ਆਮ ਆਦਮੀ ਪਾਰਟੀ ਦਿਹਾਤੀ ਤੋਂ ਪ੍ਰੀਤੀ ਮਲਹੋਤਰਾ ਦੀ ਅਗਵਾਈ ’ਚ ਐੱਸਡੀਐੱਮ ਪਟਿਆਲਾ ਨੂੰ ਮੰਗ ਪੱਤਰ ਦਿੱਤਾ ਗਿਆ, ਜਿਸ ਵਿਚ ਪਿਛਲੇ ਦਿਨੀਂ ਰਾਜਿੰਦਰਾ ਹਸਪਤਾਲ ਵਿਚ ਕਰੋਨਾ ਮਰੀਜ਼ਾਂ ਨੂੰ ਆ ਰਹੀਆਂ ਮੁਸ਼ਕਲਾਂ ਅਤੇ ਰਿਸ਼ਤੇਦਾਰਾਂ ਦੀ ਮੁਸ਼ਕਲਾਂ ਦਾ ਜ਼ਿਕਰ ਕੀਤਾ ਗਿਆ ਹੈ। ਪ੍ਰੀਤੀ ਮਲਹੋਤਰਾ ਨੇ ਕਿਹਾ ਕਿ ਰਾਜਿੰਦਰਾ ਹਸਪਤਾਲ ਵਿਚ ਪ੍ਰਸ਼ਾਸਨ ਵੱਲੋਂ ਕੀਤੀਆਂ ਜਾ ਰਹੀਆਂ ਅਣਗਹਿਲੀਆਂ ਦੇਖਦੇ ਹੋਏ ਅੱਜ ਐੱਸਡੀਐੱਮ ਪਟਿਆਲਾ ਨੂੰ ਮੰਗ ਪੱਤਰ ਦਿੱਤਾ।
ਪੀਐੱਨਬੀ ਦੀ ਸ਼ਾਖਾ ਬੰਦ
ਸਮਾਣਾ (ਪੱਤਰ ਪ੍ਰੇਰਕ): ਇਕ ਕਰਮਚਾਰੀ ਦੇ ਕਰੋਨਾ ਪਾਜ਼ੇਟਿਵ ਹੋਣ ’ਤੇ ਪੰਜਾਬ ਨੈਸ਼ਨਲ ਬੈਂਕ ਸਮਾਣਾ ਦੀ ਮੁੱਖ ਸ਼ਾਖਾ ਨੂੰ ਪ੍ਰਸ਼ਾਸਨ ਵੱਲੋਂ 48 ਘੰਟਿਆਂ ਲਈ ਬੰਦ ਕਰਵਾ ਦਿੱਤਾ ਗਿਆ ਹੈ, ਜਿਸ ਦੀ ਪੁਸ਼ਟੀ ਬੈਂਕ ਮੈਨੇਜਰ ਬਰਿੰਦਰ ਸਾਹਨੀ ਨੇ ਕੀਤੀ।