ਸਰਬਜੀਤ ਸਿੰਘ ਭੰਗੂ
ਪਟਿਆਲਾ, 21 ਜੁਲਾਈ
ਅੱਜ ਤੜਕੇ ਰਾਜਪੁਰਾ ਬਾਈਪਾਸ ’ਤੇ ਮੁਕਤ ਸਕੂਲ ਨੇੜੇ ਤੇਲ ਵਾਲੇ ਟੈਂਕਰ ਅਤੇ ਪੀਆਰਟੀਸੀ ਦੀਆਂ ਬੱਸਾਂ ਦਰਮਿਆਨ ਟੱਕਰ ’ਚ ਦਰਜਨ ਸਵਾਰੀਆਂ ਜ਼ਖ਼ਮੀ ਹੋ ਗਈਆਂ, ਜਿਨ੍ਹਾਂ ਵਿੱਚੋਂ ਕੁਝ ਨੂੰ ਰਾਜਪੁਰਾ ਅਤੇ 2 ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਤੇ 2 ਨੂੰ ਪੀਜੀਆਈ ਚੰਡੀਗੜ੍ਹ ’ਚ ਦਾਖ਼ਲ ਕਰਵਾਇਆ ਗਿਆ ਹੈ। ਲੰਘੀ ਰਾਤ ਪਟਿਆਲਾ ਤੋਂ ਚੰਡੀਗੜ੍ਹ ਜਾ ਰਹੀ ਪੀਆਰਟੀਸੀ ਦੀ ਬੱਸ ਦਾ ਟਾਇਰ ਫਟ ਗਿਆ। ਇਸ ਮਗਰੋਂ ਡਰਾਈਵਰ ਨੇ ਇਹ ਬੱਸ ਸੜਕ ’ਤੇ ਹੀ ਫੁੱਟਪਾਥ ਦੇ ਨਾਲ ਖੜਾ ਦਿੱਤੀ ਤੇ ਆਸੇ ਪਾਸੇ ਝਾੜੀਆਂ ਰੱਖ ਦਿੱਤੀਆਂ ਗਈਆਂ। ਰਾਤ ਸਾਢੇ ਦਸ ਵਜੇ ਪਟਿਆਲਾ ਤੋਂ ਚੰਡੀਗੜ੍ਹ ਵੱਲ ਜਾ ਰਿਹਾ ਤੇਲ ਵਾਲਾ ਟੈਂਕਰ (ਐੱਚਆਰ 69 ਬੀ 5649) ਨੇ ਇਸ ਬੱਸ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ ਬੱਸ ਫੁੱਟਪਾਥ ਟੱਪ ਕੇ ਦੂਸਰੇ ਪਾਸੇ ਚਲੀ ਗਈ। ਇਸ ਦੌਰਾਨ ਟੈਂਕਰ ਦਾ ਵੀ ਕਾਫੀ ਨੁਕਸਾਨ ਹੋਇਆ। ਇਸ ਮਗਰੋਂ ਟੈਂਕਰ ਚਾਲਕ ਫਰਾਰ ਹੋ ਗਿਆ ਤੇ ਟੈਂਕਰ ਸੜਕ ’ਤੇ ਹੀ ਖੜ੍ਹਾ ਰਿਹਾ।ਅੱਜ ਤੜਕੇ ਜਦੋਂ ਪੀਆਰਟੀਸੀ ਦੀ ਇਕ ਹੋਰ ਬੱਸ (ਪੀਬੀ 65ਏ ਡੀ 2245) ਪਟਿਆਲਾ ਤੋਂ ਚੰਡੀਗੜ੍ਹ ਜਾ ਰਹੀ ਸੀ ਤਾਂ ਸਾਢੇ ਪੰਜ ਵਜੇ ਇਹ ਬੱਸ ਸੜਕ ‘ਤੇ ਖੜ੍ਹੇ ਟੈਂਕਰ ਦੇ ਵਿਚ ਜਾ ਵੱਜੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਟੈਂਕਰ ਫੁੱਟਪਾਥ ਟੱਪ ਕੇ ਦੂਜੇ ਪਾਸੇ ਚਲਾ ਗਿਆ, ਜਦਕਿ ਬੱਸ ਦੇ ਪਰਖਚੇ ਉੱਡ ਗਏ। ਇਸ ਟੱਕਰ ਕਾਰਨ ਬੱਸ ਪਲਟ ਗਈ।
ਇਸ ਦੌਰਾਨ ਬੱਸ ਦਰਜਨ ਸਵਾਰੀਆਂ ਜ਼ਖ਼ਮੀ ਹੋ ਗਈਆਂ। ਜ਼ਖ਼ਮੀਆਂ ਨੂੰ ਰਾਜਪੁਰਾ ਦੇ ਏਪੀਐੱਨ ਹਸਪਤਾਲ ਪਹੁੰਚਾਇਆ ਗਿਆ। ਕੁੱਝ ਗੰਭੀਰ ਹਾਲਤ ਵਾਲੇ ਦੋ ਮਰੀਜ਼ਾਂ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਭੇਜ ਦਿੱਤਾ ਗਿਆ। ਪੁਲੀਸ ਨੇ ਮੌਕੇ ‘ਤੇ ਪਹੁੰਚ ਕੇ ਆਵਾਜਾਈ ਬਹਾਲ ਕਰਵਾਈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਖ਼ਮੀਆਂ ਵਿਚੋਂ ਬੱਸ ਡਰਾਈਵਰ ਸੁਰਿੰਦਰ ਸਿੰਘ ਜ਼ਿਲ੍ਹਾ ਫ਼ਰੀਦਕੋਟ ਸਮੇਤ ਲਵਪ੍ਰੀਤ ਸਿੰਘ ਵਾਸੀ ਸ਼ਾਦੇਹਾਸ਼ਮ (ਫ਼ਿਰੋਜ਼ਪੁਰ), ਵੀਨਾ ਰਾਣੀ ਮੰਡੀ ਡੱਬਵਾਲੀ, ਤਰਸੇਮ ਸਿੰਘ ਵਾਸੀ ਰਸੂਲਪੁਰ (ਪਟਿਆਲਾ) ਨੂੰ ਏਪੀਜੈਨ ਸਿਵਲ ਹਸਪਤਾਲਾ ਰਾਜਪੁਰਾ ‘ਚ ਦਾਖ਼ਲ ਕਰਵਾਇਆ ਗਿਆ ਹੈ। ਹਾਲਤ ਗੰਭੀਰ ਹੋਣ ਕਾਰਨ ਜਤਿੰਦਰ ਕੌਰ ਵਾਸੀ ਸਨੌਰ ਅਤੇ ਜਤਿੰਦਰਪਾਲ ਸਿੰਘ ਵਾਸੀ ਬਠਿੰਡਾ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ, ਜਦਕਿ ਹਰਪ੍ਰੀਤ ਕੌਰ ਆਰੀਆ ਸਮਾਜ ਪਟਿਆਲਾ ਅਤੇ ਮਾਨਸੀ ਵਾਸੀ ਐੱਸਐੱਸਟੀ ਨਗਰ ਪਟਿਆਲਾ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖਲ ਕਰਵਾਇਆ ਗਿਆ ਹੈ। ਰਾਜਪੁਰਾ ਦੀ ‘ਆਪ’ ਵਿਧਾਇਕਾ ਨੀਨਾ ਮਿੱਤਲ ਨੇ ਹਸਪਤਾਲ ਪਹੁੰਚ ਕੇ ਜ਼ਖ਼ਮੀਆਂ ਦਾ ਹਾਲ ਚਾਲ ਪੁੱਛਿਆ।