ਪੱਤਰ ਪ੍ਰੇਰਕ
ਪਾਤੜਾਂ, 16 ਨਵੰਬਰ
ਨੌਜਵਾਨ ਭਾਰਤ ਸਭਾ ਦੇ ਸੱਦੇ ਤਹਿਤ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਮੌਕੇ ਹਲਕਾ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਦੇ ਦਫ਼ਤਰ ਉਨ੍ਹਾਂ ਦੀ ਗ਼ੈਰਹਾਜ਼ਰੀ ਵਿੱਚ ਮੰਗ ਪੱਤਰ ਵਿਧਾਇਕ ਦੇ ਪੁੱਤਰ ਗੁਰਮੀਤ ਸਿੰਘ ਨੂੰ ਸੌਂਪਿਆ ਗਿਆ। ਸੂਬਾ ਕਮੇਟੀ ਮੈਂਬਰ ਦਵਿੰਦਰ ਛਬੀਲਪੁਰ ਤੇ ਜ਼ਿਲ੍ਹਾ ਸਕੱਤਰ ਖੁਸ਼ਵੰਤ ਹਨੀ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਦੀਆਂ ਨਸ਼ਿਆਂ ਕਾਰਨ ਹੋ ਰਹੀਆਂ ਮੌਤਾਂ ਨੂੰ ਦੇਖਦੇ, ਨੌਜਵਾਨ ਭਾਰਤ ਸਭਾ ਨੇ ਪਿੰਡਾਂ ਵਿੱਚ ਨੌਜਵਾਨਾਂ ਦੀਆ ਕਮੇਟੀਆਂ ਬਣਾ ਕੇ ਸੰਘਰਸ਼ ਸ਼ੁਰੂ ਕੀਤਾ ਹੈ। ਨਸ਼ਿਆਂ ਲਈ ਜ਼ਿੰਮੇਵਾਰ ਪੁਲੀਸ, ਸਿਆਸਤਦਾਨ ਤੇ ਨਸ਼ਾ ਸਮਗਲਰਾਂ ਅਤੇ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੇ ਫਿਰੋਜ਼ਪੁਰ ਦੇ ਤੂੜੀ ਬਾਜ਼ਾਰ ਵਿੱਚ ਸਥਿਤ ਗੁਪਤ ਟਿਕਾਣੇ ਨੂੰ ਮਿਊਜ਼ੀਅਮ ’ਚ ਤਬਦੀਲ ਕਰਨ ਤੇ ਲਾਇਬ੍ਰੇਰੀ ਬਣਾਉਣ ਲਈ ਚੱਲ ਰਹੇ ਸੰਘਰਸ਼ ਨਾਲ ਜੋੜ ਕੇ ਮੁਹਿੰਮ ਨੂੰ ਹੋਰ ਤੇਜ਼ ਕਰਨ ਦਾ ਅਹਿਦ ਕੀਤਾ ਹੋਇਆ ਹੈ। ਜ਼ਿਲ੍ਹਾ ਆਗੂ ਹਰਿੰਦਰ ਸੈਣੀਮਾਜਰਾ ਤੇ ਗੁਰਦੀਪ ਕਲਵਾਨੂੰ ਨੇ ਕਿਹਾ ਕਿ ‘ਖੇਡੋ ਪੰਜਾਬ’ ਨਾਂ ’ਤੇ ਖੇਡ ਮੁਕਾਬਲੇ ਸ਼ੁਰੂ ਕੀਤੇ ਹਨ ਪਰ ਪਿੰਡਾਂ ਵਿੱਚ ਖੇਡਣ ਲਈ ਗਰਾਊਂਡ ਨਹੀਂ, ਨਾ ਕੋਈ ਖੇਡ ਨੀਤੀ ਹੈ। ਉਨ੍ਹਾਂ ਕਿਹਾ ਹੈ ਕਿ ਪਿੰਡਾਂ ਚੰਗੇ ਖੇਡ ਗਰਾਊਂਡ ਤੇ ਕੋਚ ਲਾ ਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਮੰਗਾਂ ਨਾ ਮੰਨੇ ਜਾਣ ਦੀ ਹਾਲਤ ਵਿੱਚ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਦੀਪਕ ਰੰਗਾ, ਪ੍ਰਿਤਪਾਲ ਕਲਵਾਣੂ, ਹੈਪੀ ਸਿੰਘ, ਪ੍ਰਦੀਪ ਸਿੰਘ, ਪ੍ਰਦੀਪ ਚੂਨਾਗਰਾ ਆਦਿ ਹਾਜ਼ਰ ਸਨ।