ਪੱਤਰ ਪ੍ਰੇਰਕ
ਰਾਜਪੁਰਾ, 15 ਮਾਰਚ
ਸਿਵਲ ਸਰਜਨ ਪਟਿਆਲਾ ਡਾ. ਸਤਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਲਾਕ ਹਰਪਾਲਪੁਰ ਵਿੱਚ ਐੱਸਐੱਮਓ ਡਾ. ਰਵਿੰਦਰ ਸਿੰਘ ਰਿਸ਼ੀ ਦੀ ਅਗਵਾਈ ਵਿੱਚ ਸਿਹਤ ਵਿਭਾਗ ਦੀ ਟੀਮ ਵੱਲੋਂ ਕੋਵਿਡ-19 ਵੈਕਸੀਨੇਸ਼ਨ ਦੀ ਸ਼ੁਰੂਆਤ ਕੀਤੀ ਗਈ। ਪਹਿਲੇ ਦਿਨ ਹੀ 10 ਫਰੰਟ ਲਾਈਨ ਵਰਕਰਜ਼ ਨੂੰ ਟੀਕੇ ਲਾਏ ਗਏ। ਇਸ ਮੌਕੇ ਨੋਡਲ ਅਫਸਰ ਡਾ. ਨਿਪੁੰਨ ਗੁਪਤਾ, ਬਲਾਕ ਐਕਸਟੈਂਸ਼ਨ ਐਜੂਕੇਟਰ ਜੁਪਿੰਦਰ ਪਾਲ ਕੌਰ ਦੀ ਨਿਗਰਾਨੀ ਹੇਠ ਐਲਐਚਵੀ ਨਰਿੰਦਰ ਕੌਰ ਅਤੇ ਕੰਪਿਊਟਰ ਅਪਰੇਟਰ ਕੋਮਲਜੀਤ ਸਿੰਘ ਵੱਲੋਂ ਰਜਿਸਟ੍ਰੇਸ਼ਨ ਦਾ ਕੰਮ ਨੇਪਰੇ ਚਾੜ੍ਹੇ ਜਾਣ ਤੋਂ ਬਾਅਦ ਏਐੱਨਐੱਮ ਅਰਪਣਾ ਰਾਣੀ ਅਤੇ ਸਟਾਫ ਨਰਸ ਪਰਮਜੀਤ ਕੌਰ ਵੱਲੋਂ 10 ਫਰੰਟ ਲਾਈਨ ਵਰਕਰਜ਼ ਨੂੰ ਕੋਵੀਸ਼ੀਲਡ ਦੀ ਪਹਿਲੀ ਡੋਜ਼ ਲਾਈ ਗਈ। ਇਸ ਦੌਰਾਨ ਬਲਾਕ ਐਕਸਟੈਂਸ਼ਨ ਐਜੂਕੇਟਰ ਜੁਪਿੰਦਰ ਪਾਲ ਕੌਰ ਨੇ ਦੱਸਿਆ ਕਿ ਫਰੰਟ ਲਾਈਨ ਵਰਕਰ ਤੇ ਪਿੰਡਾਂ ਦੇ ਸੀਨੀਅਰ ਸਿਟੀਜ਼ਨ ਪੀਐਚਸੀ ਹਰਪਾਲਪੁਰ ਵਿੱਚ ਸਵੇਰੇ 10 ਵਜੇ ਤੋਂ ਦੁਪਹਿਰ ਦੇ 3 ਵਜੇ ਤੱਕ ਆਪਣਾ ਸ਼ਨਾਖਤੀ ਕਾਰਡ ਵਿਖਾ ਕੇ ਰਜਿਸਟ੍ਰੇਸ਼ਨ ਕਰਵਾਉਣ ਤੋਂ ਬਾਅਦ ਕੋਵਿਡ-19 ਵੈਕਸੀਨ ਦਾ ਟੀਕਾ ਲਵਾ ਸਕਦੇ ਹਨ।
ਸਨੌਰ (ਪੱਤਰ ਪ੍ਰੇਰਕ): ਮੁਢਲਾ ਸਿਹਤ ਕੇਂਦਰ ਕੌਲੀ ਵਿੱਚ ਸਿਹਤ ਵਿਭਾਗ ਦੀ ਟੀਮ ਵੱਲੋਂ ਕੋਵਿਡ ਵੈਕਸੀਨ ਦੀ ਸ਼ੁਰੂਆਤ ਕੀਤੀ ਗਈ। ਇਸ ਦੌਰਾਨ ਸੀਨੀਅਰ ਮੈਡੀਕਲ ਅਫਸਰ ਡਾ. ਰੰਜ਼ਨਾ ਸ਼ਰਮਾ ਨੇ ਦੱਸਿਆ ਕਿ ਪਹਿਲੀ ਡੋਜ਼ ਲਗਵਾਉਣ ਵਾਲੇ ਵਿਅਕਤੀਆਂ ਨੂੰ 28 ਦਿਨ ਬਾਅਦ ਦੂਜੀ ਡੋਜ਼ ਦਿੱਤੀ ਜਾਵੇਗੀ। ਨੋਡਲ ਅਫਸਰ ਡਾ: ਮੁਹੰਮਦ ਸਾਜ਼ਿਦ ਨੇ ਦੱਸਿਆ ਕਿ 60 ਸਾਲ ਜਾਂ ਵੱਧ ਉਮਰ ਦੇ ਵਿਅਕਤੀਆਂ ਲਈ ਕੋਵੀਸ਼ੀਲਡ ਵੈਕਸੀਨ ਦਾ ਟੀਕਾ ਲਗਵਾ ਸਕਦੇ ਹਨ ।