ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 5 ਨਵੰਬਰ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੇਹਰਾ ਵਿੱਚ ਪ੍ਰਿੰਸੀਪਲ ਕਰਮਜੀਤ ਸਿੰਘ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਬਰੀ ਵਿੱਚ ਪ੍ਰਿੰਸੀਪਲ ਮਨਦੀਪ ਸਿੰਘ ਚੀਮਾ ਦੀ ਦੇਖ-ਰੇਖ ਵਿੱਚ ਵੱਖ-ਵੱਖ ਜਮਾਤਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਮਾਸ ਕਾਊਂਸਲਿੰਗ ਪ੍ਰੋਗਰਾਮ ਤਹਿਤ ਨੌਕਰੀਆਂ ਅਤੇ ਕਿੱਤਿਆਂ ਦੀ ਜਾਣਕਾਰੀ ਦਿੱਤੀ ਗਈ। ਸਕੂਲਾਂ ਦੇ ਵਿਦਿਆਰਥੀਆਂ ਨੂੰ ਜ਼ਿੰਦਗੀ ਦੇ ਟੀਚੇ ਨੂੰ ਮਿਥਣ, ਉਸ ਦੀ ਪ੍ਰਾਪਤੀ ਲਈ ਸਹੀ ਅਕਾਦਮਿਕ ਅਤੇ ਕਿੱਤਾ ਮੁਖੀ ਸਿੱਖਿਆ ਦੀ ਪ੍ਰਾਪਤੀ ਲਈ ਸਿੱਖਿਆ ਸੰਸਥਾਨਾਂ ਦੀ ਚੋਣ, ਮੁਕਾਬਲੇ ਦੀਆਂ ਪ੍ਰੀਖਿਆਵਾਂ ਅਤੇ ਤਿਆਰੀ, ਸਵੈ-ਰੁਜ਼ਗਾਰ ਲਈ ਰਾਜ ਸਰਕਾਰ ਵੱਲੋਂ ਦਿੱਤੇ ਜਾਣ ਵਾਲੇ ਸਹਿਯੋਗ ਜਾਂ ਅਨੁਦਾਨ ਬਾਰੇ ਵੀ ਪੇਂਡੂ ਖੇਤਰ ਦੇ ਵਿਦਿਆਰਥੀਆਂ ਨੂੰ ਰਿਸੋਰਸ ਪਰਸਨ ਨੇ ਵਿਸਤਾਰ ਵਿੱਚ ਜਾਣਕਾਰੀ ਦਿੱਤੀ। ਮਾਸ ਕਾਊਂਸਲਿੰਗ ਪ੍ਰੋਗਰਾਮ ਦੌਰਾਨ ਰਾਜਿੰਦਰ ਸਿੰਘ ਚਾਨੀ ਕੈਰੀਅਰ ਕਾਊਂਸਲਰ, ਸੁਖਵਿੰਦਰ ਕੌਰ ਲੈਕਚਰਾਰ, ਨਿਸ਼ਾ ਰਾਣੀ, ਰਵਦੀਪ ਸਿੰਘ ਸਾਇੰਸ ਅਧਿਆਪਕ ਨੇ ਵੀ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਇਸ ਦੌਰਾਨ ਬਲਾਕ ਕਾਊਂਸਲਰ ਮਨਜੀਤ ਸਿੰਘ ਨੇ ਦੱਸਿਆ ਕਿ ਇਹ ਪ੍ਰੋਗਰਾਮ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ ਸੰਜੀਵ ਸ਼ਰਮ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਕਰਵਾਏ ਜਾ ਰਹੇ ਹਨ।