ਗੁਰਨਾਮ ਸਿੰਘ ਚੌਹਾਨ
ਪਾਤੜਾਂ, 13 ਅਕਤੂਬਰ
ਸਰਕਾਰੀ ਕਿਰਤੀ ਕਾਲਜ ਨਿਆਲ ਤੇ ਬੂਰੜ ਆਈਟੀਆਈ ਸਾਹਮਣੇ ਬੱਸਾਂ ਨਾ ਰੋਕੇ ਜਾਣ ਨੂੰ ਲੈ ਕੇ ਪੰਜਾਬ ਸਟੂਡੈਂਟਸ ਯੂਨੀਅਨ ਦਾ ਵਫ਼ਦ ਅੱਡਾ ਇੰਚਾਰਜ ਨੂੰ ਮਿਲਣ ਗਿਆ। ਇਸ ਦੌਰਾਨ ਸ਼ਹਿਰ ਦੇ ਨਵੇਂ ਬੱਸ ਅੱਡੇ ਵਿੱਚ ਵਿਦਿਆਰਥੀਆਂ ਤੇ ਪੀਆਰਟੀਸੀ ਦੇ ਕਰਮਚਾਰੀਆਂ ਵਿਚਕਾਰ ਤਕਰਾਰ ਹੋ ਗਈ। ਜਿਸ ਮਗਰੋਂ ਭੜਕੇ ਹੋਏ ਵਿਦਿਆਰਥੀਆਂ ਨੇ ਅੱਡਾ ਇੰਚਾਰਜ ’ਤੇ ਇੱਕ ਅਪਾਹਜ ਵਿੱਦਿਆਰਥੀ ਨਾਲ ਧੱਕਾ ਮੁਕੀ ਕਰਨ ਦੇ ਦੋਸ਼ ਲਾਉਦਿਆਂ ਆਪਣੀਆਂ ਮੰੰਗਾਂ ਮਨਾਵਾਉਣ ਲਈ ਬੱਸ ਅੱਡੇ ਦੇ ਗੇਟ ਬੰਦ ਕਰਕੇ ਸੜਕ ’ਤੇ ਧਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਬੱਸਾਂ ਸਣੇ ਸਾਰੀ ਆਵਾਜਾਈ ਬੰਦ ਕਰ ਦਿੱਤੀ। ਹਰਕਤ ਵਿੱਚ ਆਏ ਪ੍ਰਸ਼ਾਸਨ ਵੱਲੋਂ ਸਮਝੌਤਾ ਕਰਵਾਕੇ ਬੱਸ ਅੱਡੇ ਨੂੰ ਖੁਲ੍ਹਵਾਉਣ ਦੇ ਕੀਤੇ ਗਏ ਯਤਨ ਜਦੋਂ ਅਸਫਲ ਰਹੇ ਤਾਂ ਪੀਆਰਟੀਸੀ ਦੇ ਅਧਿਕਾਰੀਆਂ ਨੂੰ ਮੌਕੇ ’ਤੇ ਪੁੱਜ ਕੇ ਕਈ ਘੰਟੇ ਚੱਲੇ ਧਰਨੇ ਤੇ ਵਿਰੋਧ ਪ੍ਰਦਰਸ਼ਨ ਦੌਰਾਨ ਪੀਆਰਟੀਸੀ ਦੇ ਇੰਸਪੈਕਟਰ ਲਛਮਣ ਸਿੰਘ ਵੱਲੋਂ ਦਿੱਤੇ ਗਏ ਭਰੋਸੇ ਮਗਰੋਂ ਵਿਦਿਆਰਥੀਆਂ ਨੇ ਐੱਸਡੀਐੱਮ ਪਾਤੜਾਂ ਦੇ ਨਾਂ ਮੰਗ ਪੱਤਰ ਦੇ ਕੇ ਧਰਨਾ ਸਮਾਪਤ ਕੀਤਾ। ਪ੍ਰਦਰਸ਼ਨ ਕਰ ਰਹੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਮੀਤ ਪ੍ਰਧਾਨ ਗੁਰਮੀਤ ਸਿੰਘ ਨਾਈਵਾਲਾ ਤੇ ਸੂਬਾ ਕਮੇਟੀ ਆਗੂ ਦਵਿੰਦਰ ਸਿੰਘ ਛਬੀਲਪੁਰ ਨੇ ਦੱਸਿਆ ਕਿ ਪੀਆਰਟੀਸੀ ਦੇ ਜ਼ਿਲ੍ਹਾ ਮੈਨੇਜਰ ਵੱਲੋਂ ਵਿਦਿਆਰਥੀਆਂ ਨੂੰ ਕਾਲਜ ਅੱਗੇ ਉਤਰਾਨ ਦੇ ਲ਼ਿਖਤੀ ਹੁਕਮਾਂ ਦੇ ਬਾਵਜੂਦ ਵਿਦਿਆਰਥੀਆਂ ਨੂੰ ਕਾਲਜ ਛੱਡ ਕੇ ਆਉਣ ਲਈ ਸਿਰਫ ਇੱਕ ਹੀ ਬੱਸ ਹੈ ਤੇ 150 ਤੋਂ ਵੱਧ ਵਿਦਿਆਰਥੀਆਂ ਨੂੰ ਇੱਕ ਹੀ ਬੱਸ ’ਚ ਛੱਡਣ ਲਈ ਮਜਬੂਰ ਕੀਤਾ ਜਾਂਦਾ ਹੈ ਤੇ ਜਿਸ ਕਰਕੇ ਲੜਕੀਆਂ ਨੂੰ ਪ੍ਰੇਸ਼ਾਨੀ ਹੁੰਦੀ ਹੈ। ਇਸ ਦੇ ਹੱਲ ਲਈ ਜਦੋਂ ਜਥੇਬੰਦੀ ਦੇ ਆਗੂ ਬੱਸ ਅੱਡੇ ਦੇ ਇੰਚਾਰਜ ਨਾਲ ਗੱਲ ਕਰਨ ਗਏ ਤਾਂ ਉਨ੍ਹਾਂ ਬਦਸਲੂਕੀ ਕੀਤੀ ਤੇ ਅਪਾਹਜ ਵਿਦਿਆਰਥੀ ਆਗੂ ਗੁਰਜੰਟ ਸਿੰਘ ਨਾਲ ਧੱਕਾਮੁੱਕੀ ਕੀਤੀ। ਆਗੂਆਂ ਨੇ ਮੰਗ ਕੀਤੀ ਗਈ ਧੱਕਾਮੁਕੀ ਕਰਨ ਵਾਲੇ ਪੀਆਰਟੀਸੀ ਦੇ ਕਰਮਚਾਰੀਆਂ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇ।
ਧਰਨੇ ਕਾਰਨ ਸਵਾਰੀਆਂ ਹੋਈਆਂ ਪ੍ਰੇਸ਼ਾਨ: ਅੱਡਾ ਇੰਚਾਰਜ
ਪਾਤੜਾਂ ਦੇ ਅੱਡਾ ਇੰਚਾਰਜ ਜਸਵਿੰਦਰ ਸਿੰਘ ਬਬਲੀ ਨੇ ਵਿਦਿਆਰੀਆਂ ਵੱਲੋਂ ਲਾਏ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਕਿ ਪੀਆਰਟੀਸੀ ਦੇ ਉੱਚ ਅਧਿਕਾਰੀਆਂ ਦੇ ਹੁਕਮਾਂ ਤਹਿਤ ਸਪੈਸ਼ਲ ਬੱਸ ਕਾਲਜ ਦੇ ਵਿਦਿਆਰਥੀਆਂ ਨੂੰ ਕਾਲਜ ਤੱਕ ਛੱਡਣ ਲਈ ਲਗਾਈ ਗਈ ਹੈ ਪਰ ਕੁਝ ਵਿਦਿਆਰੀਆਂ ਨੇ ਜਾਣ ਬੁੱਝ ਕੇ ਹੁਲੜਬਾਜ਼ੀ ਕੀਤੀ। ਉਨ੍ਹਾਂ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਹੈ ਕਿ ਧਰਨੇ ਕਾਰਨ ਸਵਾਰੀਆਂ ਨੂੰ ਪ੍ਰੇਸ਼ਾਨੀਆਂ ਦਾ ਸਹਮਣਾ ਕਰਨਾ ਪਿਆ ਹੈ।