ਰਵੇਲ ਸਿੰਘ ਭਿੰਡਰ
ਪਟਿਆਲਾ, 12 ਅਗਸਤ
ਪਿੰਡ ਕਲਿਆਣ ਦੇ ਗੁਰਦੁਆਰਾ ਸਾਹਿਬ ਤੋਂ ਚੋਰੀ ਹੋਏ ਪੁਰਾਤਨ ਸਰੂਪ ਦੀ ਭਾਲ ਵਿਚ ਪਟਿਆਲਾ ਪੁਲੀਸ ਵੱਲੋਂ ਕੀਤੀ ਜਾ ਰਹੀ ਦੇਰੀ ਦੇ ਵਿਰੋਧ ਵਿਚ ਅੱਜ ਅਕਾਲੀ ਦਲ ਪਟਿਆਲਾ ਸ਼ਹਿਰੀ ਅਤੇ ਹਲਕਾ ਸ਼ੁਤਰਾਣਾ ਦੀ ਸੰਗਤ ਨੇ ਸ਼ਹਿਰੀ ਪ੍ਰਧਾਨ ਹਰਪਾਲ ਜੁਨੇਜਾ ਦੀ ਅਗਵਾਈ ਹੇਠ ਸਾਬਕਾ ਵਿਧਾਇਕਾ ਬੀਬੀ ਵਨਿੰਦਰ ਕੌਰ ਲੂੰਬਾ ਦੇ ਸਹਿਯੋਗ ਨਾਲ ਰੋਸ ਧਰਨਾ ਦਿੱਤਾ। ਇਸ ਧਰਨੇ ਵਿਚ ਸ਼ਹਿਰ ਦੀਆਂ ਕਈ ਧਾਰਮਿਕ ਜਥੇਬੰਦੀਆਂ, ਨਿਹੰਗ ਸਿੰਘਾਂ ਅਤੇ ਹੋਰ ਜਥੇਬੰਦੀਆਂ ਨੇ ਵੀ ਭਾਗ ਲਿਆ।
ਅਕਾਲੀ ਲੀਡਰਸ਼ਿਪ ਅਤੇ ਬਾਕੀ ਸੰਗਤਾਂ ਨੇ ਧਰਨੇ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕੀਤਾ ਅਤੇ ਉਪਰੰਤ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਤੋਂ ਪਹੁੰਚੇ ਗ੍ਰੰਥੀ ਸਿੰਘਾਂ ਨੇ ਅਰਦਾਸ ਵੀ ਕੀਤੀ। ਖਾਸ ਗੱਲ ਇਹ ਰਹੀ ਕਿ ਧਰਨੇ ਵਿਚ ਸ਼ਹਿਰ ਵਿਚੋਂ ਵੱਡੀ ਗਿਣਤੀ ਵਿਚ ਸੰਗਤਾਂ ਪਹੁੰਚੀਆਂ ਹੋਈਆਂ ਸਨ। ਧਰਨੇ ਦੇ ਦੌਰਾਨ ਦੇਰ ਤੱਕ ਪਾਠ ਅਤੇ ਜਾਪ ਹੀ ਚਲਦਾ ਰਿਹਾ।
ਇਸ ਤੋਂ ਬਾਅਦ ਧਰਨੇ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਹਰਪਾਲ ਜੁਨੇਜਾ ਅਤੇ ਬੀਬੀ ਵਨਿੰਦਰ ਕੌਰ ਲੂੰਬਾ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਪੁਰਾਤਨ ਸਰੂਪ ਦੀ ਭਾਲ ਵਿਚ ਕੀਤੀ ਜਾ ਰਹੀ ਦੇਰੀ ਦੇ ਲਈ ਕਈ ਪੀੜ੍ਹੀਆਂ ਤੱਕ ਪਸਚਾਤਾਪ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਹੈਰਾਨ ਕਰਨ ਵਾਲੀ ਗੱਲ ਹੈ ਮੁੱਖ ਮੰਤਰੀ ਅਤੇ ਮੈਂਬਰ ਪਾਰਲੀਮੈਂਟ ਪ੍ਰਨੀਤ ਕੌਰ ਦੇ ਘਰ ਤੋਂ ਕੁਝ ਦੂਰੀ ’ਤੇ ਇੰਨੀ ਵੱਡੀ ਘਟਨਾ ਹੋ ਗਈ ਹੋਵੇ ਅਤੇ ਉਨ੍ਹਾਂ ਵੱਲੋਂ ਹੁਣ ਤੱਕ ਇੱਕ ਵੀ ਸ਼ਬਦ ਨਾ ਬੋਲਿਆ ਗਿਆ ਹੋਵੇ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਹੀ ਪੰਥਕ ਹਿੱਤਾਂ ਨੂੰ ਅੱਖੋ ਪਰੋਖੇ ਕੀਤਾ ਹੈ ਪਰ ਅਕਾਲੀ ਦਲ ਉਦੋਂ ਤੱਕ ਚੈਨ ਨਾਲ ਨਹੀਂ ਬੈਠੇਗਾ ਜਦੋਂ ਤੱਕ ਪੁਰਾਤਨ ਸਰੂਪ ਨਹੀਂ ਮਿਲ ਜਾਂਦੇ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਹੀ ਸਿੱਖਾਂ ਨੂੰ ਕਮਜੋਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਵਿਸ਼ਵ ਯੁੱਧ ਦੇ ਸਮੇਂ ਦੇ ਇਨ੍ਹਾਂ ਪੁਰਾਤਨ ਸਵਰੂਪਾਂ ਨੂੰ 18 ਅਗਸਤ ਤੱਕ ਪੁਲੀਸ ਨੇ ਨਾ ਲੱਭਿਆ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।
ਇਸ ਮੌਕੇ ਸਾਬਕਾ ਚੇਅਰਮੈਨ ਇੰਦਰਮੋਹਨ ਸਿੰਘ ਬਜਾਜ, ਮਹਿੰਦਰ ਸਿੰਘ ਲਾਲਵਾ, ਸ਼੍ਰੋਮਣੀ ਕਮੇਟੀ ਮੈਂਬਰ ਸਵਿੰਦਰ ਸਭਰਵਾਲ, ਨਰਦੇਵ ਸਿੰਘ ਆਕੜੀ, ਰਵਿੰਦਰਪਾਲ ਸਿੰਘ ਜੋਨੀ, ਸਾਬਕਾ ਮੇਅਰ ਅਜੀਤਪਾਲ ਸਿੰਘ ਕੋਹਲੀ, ਸਾਬਕਾ ਮੇਅਰ ਅਮਰਿੰਦਰ ਬਜ਼ਾਜ, ਸੁਖਬੀਰ ਅਬਲੋਵਾਲ, ਸੀਨੀਅਰ ਮੀਤ ਪ੍ਰਧਾਨ ਮੰਜੂ ਕੁਰੈਸ਼ੀ, ਇੰਜੀ: ਅਜੇ ਥਾਪਰ, ਰਵਿੰਦਰਪਾਲ ਸਿੰਘ ਪ੍ਰਿੰਸ ਲਾਂਬਾ, ਗੋਬਿੰਦ ਬਡੂੰਗਰ, ਹੈਪੀ ਲੋਹਟ, ਜਸਵਿੰਦਰਪਾਲ ਸਿੰਘ ਚੱਢਾ, ਅਰਸ਼ੀ ਸਹਿਗਲ, ਹਰਮੀਤ ਸਿੰਘ ਬਡੂੰਗਰ, ਰਾਜੇਸ਼ ਕਨੋਜੀਆ, ਹਰਦਿਆਲ ਭੱਟੀ, ਜੈ ਪ੍ਰਕਾਸ਼ ਯਾਦਵ,ਜਸਵਿੰਦਰ ਸਿੰਘ, ਸਿਮਰਨ ਗਰੇਵਾਲ, ਪਰਮਿੰਦਰ ਸ਼ੋਰੀ, ਪ੍ਰਕਾਸ਼ ਸਹੋਤਾ, ਗੁਰਚਰਨ ਖਾਲਸਾ, ਸ਼ਾਮ ਸਿੰਘ ਅਬਲੋਵਾਲ,ਬਲਜਿੰਦਰ ਸਿੰਘ ਅਬਲੋਵਾਲ, ਹਰਜੀਤ ਸਿੰਘ ਜੀਤੀ, ਜੈ ਦੀਪ ਗੋਇਲ ਅਤੇ ਦਰਸ਼ਨ ਸਰਪੰਚ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।