ਬਹਾਦਰ ਸਿੰਘ ਮਰਦਾਂਪੁਰ
ਰਾਜਪੁਰਾ, 12 ਮਈ
ਇਥੋਂ ਦੇ ਰਾਜਪੁਰਾ-ਪਟਿਆਲਾ ਰੇਲ ਮਾਰਗ ’ਤੇ ਕਰੀਬ ਸਵਾ ਦੋ ਸਾਲਾਂ ਤੋਂ ਓਵਰਬ੍ਰਿਜ ਦੀ ਉਸਾਰੀ ਅਧਵਾਟੇ ਲਮਕਣ ਕਾਰਨ ਸੈਂਕੜੇ ਕਾਰੋਬਾਰੀ ਮੰਦਵਾੜੇ ਦੀ ਲਪੇਟ ਵਿੱਚ ਆ ਗਏ ਹਨ। ਰੇਲ ਵਿਭਾਗ ਵੱਲੋਂ ਪੰਜਾਬ ਦੇ ਲੋਕ ਨਿਰਮਾਣ ਵਿਭਾਗ ਦੀ ਭਾਈਵਾਲੀ ਨਾਲ 34 ਕਰੋੜ 28 ਲੱਖ ਰੁਪਏ ਦੀ ਲਾਗਤ ਨਾਲ ਓਵਰਬ੍ਰਿਜ ਦੀ ਉਸਾਰੀ ਦਾ ਨੀਹ ਪੱਥਰ 17 ਫਰਵਰੀ 2020 ਨੂੰ ਲੋਕ ਸਭਾ ਮੈਂਬਰ ਪਰਨੀਤ ਕੌਰ ਅਤੇ ਤਤਕਾਲੀ ਲੋਕ ਨਿਰਮਾਣ ਮੰਤਰੀ ਵਿਜੈਇੰਦਰ ਸਿੰਗਲਾ ਵੱਲੋਂ ਰੱਖਿਆ ਗਿਆ ਸੀ। ਰੇਲਵੇ ਵਿਭਾਗ ਦੇ ਉਸਾਰੀ ਵਿੰਗ ਵੱਲੋਂ 10 ਮਾਰਚ 2022 ਨੂੰ ਟੈਂਡਰ ਹੋਣ ਦੇ ਬਾਵਜੂਦ ਆਪਣੇ ਹਿੱਸੇ ਦੀ ਬ੍ਰਿਜ ਦੀ ਉਸਾਰੀ ਆਰੰਭ ਵੀ ਨਹੀਂ ਕਰਵਾਈ ਗਈ। ਓਵਰਬ੍ਰਿਜ ਉਸਾਰੀ ਅਧੀਨ ਹੋਣ ਕਾਰਨ ਇਸ ਖੇਤਰ ਦੇ ਸੈਂਕੜੇ ਪਿੰਡਾਂ ਦੇ ਲੋਕਾਂ ਦਾ ਪੁਰਾਣੇ ਬੱਸ ਅੱਡਾ ਨੇੜਲੇ ਬਜ਼ਾਰਾਂ ਵਿੱਚ ਆਉਣਾ-ਜਾਣਾ ਬੰਦ ਹੋ ਗਿਆ ਹੈ। ਮਹਿੰਦਰਗੰਜ ਦੇ ਦੁਕਾਨਦਾਰਾਂ ਬਾਂਕੇ ਬਿਹਾਰੀ, ਮਨਮੋਹਨ ਸਿੰਘ, ਭੁਪਿੰਦਰ ਸਿੰਘ ਗੋਲੂ, ਜਗਜੀਤ ਸਿੰਘ, ਹਰਵਿੰਦਰ ਸਿੰਘ, ਧਰਮਪਾਲ, ਕੁਲਵਿੰਦਰ ਸਿੰਘ ਬੰਟੂ ਨੇ ਦੱਸਿਆ ਕਿ ਓਵਰ ਬ੍ਰਿਜ ਦੀ ਉਸਾਰੀ ਲਮਕਣ ਕਾਰਨ ਉਨ੍ਹਾਂ ਦਾ ਕਾਰੋਬਾਰ ਸਿਰਫ 20 ਫੀਸਦੀ ਰਹਿ ਗਿਆ ਹੈ।
ਲੋਕ ਨਿਰਮਾਣ ਵਿਭਾਗ ਦੇ ਐਸ.ਡੀ.ਓ ਮੋਹਿਤ ਜਿੰਦਲ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਰੇਲਵੇ ਵਿਭਾਗ ਦੇ ਅਧਿਕਾਰ ਖੇਤਰ ਵਾਲਾ ਕਰੀਬ 80 ਮੀਟਰ ਵਾਲਾ ਹਿੱਸਾ ਛੱਡ ਕੇ ਦੋਵੇਂ ਪਾਸੇ ਕਰੀਬ 500 ਮੀਟਰ ਲੰਮੇ ਬ੍ਰਿਜ ਦੀ ਉਸਾਰੀ ਲਗਭਗ ਮੁਕੰਮਲ ਹੋ ਚੁੱਕੀ ਹੈ। ਉਸਾਰੀ ਵਿੰਗ ਰੇਲਵੇ ਵਿਭਾਗ ਦੇ ਐਕਸੀਅਨ ਬਜਰੰਗ ਗੋਇਲ ਦਾ ਕਹਿਣਾ ਹੈ ਕਿ ਓਵਰਬ੍ਰਿਜ ਦਾ ਕੰਕਰੀਟ ਲੈਂਟਰ ਪਾਉਣ ਲਈ 10 ਮਾਰਚ ਨੂੰ ਟੈਂਡਰ ਹੋਇਆ ਸੀ ਪ੍ਰੰਤੂ ਓਵਰਬ੍ਰਿਜ ਦੀ ਜੱਦ ਵਿੱਚ ਇੱਕ ਧਾਰਮਿਕ ਅਸਥਾਨ ਆਉਣ ਕਾਰਨ ਉਸਾਰੀ ਆਰੰਭ ਨਹੀਂ ਹੋ ਸਕੀ। ਉਨ੍ਹਾਂ ਵੱਲੋਂ ਪੰਜਾਬ ਦੇ ਲੋਕ ਨਿਰਮਾਣ ਵਿਭਾਗ ਨੂੰ ਓਵਰਬ੍ਰਿਜ ਦੀ ਜੱਦ ਵਿੱਚ ਆਉਂਦੇ ਧਾਰਮਿਕ ਅਸਥਾਨ ਨੂੰ ਹਟਾਉਣ ਲਈ ਕਿਹਾ ਗਿਆ ਹੈ।