ਪੱਤਰ ਪ੍ਰੇਰਕ
ਸਮਾਣਾ, 7 ਅਕਤੂਬਰ
ਬੇਟੀ ਨਾਲ ਬਾਜ਼ਾਰ ’ਚੋਂ ਲੰਘ ਰਾਹੀ ਔਰਤ ਦੇ ਕੰਨਾਂ ’ਚ ਪਾਈਆਂ ਸੋਨੇ ਦੀਆਂ ਵਾਲੀਆਂ ਝਪਟ ਕੇ ਫਰਾਰ ਹੋਣ ਦੇ ਮਾਮਲੇ ’ਚ ਸਿਟੀ ਪੁਲੀਸ ਨੇ ਦੋ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਇਕ ਨੂੰ ਹਿਰਾਸਤ ’ਚ ਲੈ ਲਿਆ ਹੈ। ਮੁਲਜ਼ਮਾਂ ਦੀ ਪਛਾਣ ਹਰਪ੍ਰੀਤ ਸਿੰਘ ਪੁੱਤਰ ਦਰਬਾਰਾ ਸਿੰਘ ਤੇ ਰਛਵਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਪਿੰਡ ਲੰਗੜੋਈ ਵਜੋਂ ਕੀਤੀ ਗਈ। ਐਸ.ਐਚ.ਓ. ਸਬ-ਇੰਸਪੈਕਟਰ ਸੁਰਿੰਦਰ ਭੱਲਾ ਨੇ ਦੱਸਿਆ ਕਿ ਮਮਤਾ ਰਾਣੀ ਪਤਨੀ ਮੁਨੀਸ਼ ਕੁਮਾਰ ਵਾਸੀ ਮਹਾਂਵੀਰ ਸਟਰੀਟ ਸਮਾਣਾ ਵੱਲੋਂ ਪੁਲੀਸ ਨੂੰ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਖਰੀਦਦਾਰੀ ਲਈ ਬਾਜ਼ਾਰ ਆਉਂਦੇ ਸਮੇਂ ਬਾਈਕ ’ਤੇ ਸਵਾਰ ਹੋ ਕੇ ਪਿੱਛੋਂ ਆਏ ਦੋ ਨੌਜਵਾਨਾਂ ਨੇ ਉਸ ਦੇ ਕੰਨਾਂ ’ਚ ਪਾਈਆਂ ਹੋਈਆਂ ਸੋਨੇ ਦੀਆਂ ਵਾਲੀਆਂ ਝਪਟ ਲਈਆਂ ਤੇ ਫਰਾਰ ਹੋ ਗਏ। ਵਾਲੀਆਂ ਝਪਟਨ ਦੀ ਇਸ ਵਾਰਦਾਤ ਵਿੱਚ ਉਸਦੇ ਦੋਵੇਂ ਕੰਨ ਖੂਨ ਨਾਲ ਲਥ-ਪਥ ਹੋ ਗਏ ਸਨ। ਅਧਿਕਾਰੀ ਅਨੁਸਾਰ ਸਿਟੀ ਪੁਲੀਸ ਦੇ ਏ.ਐਸ.ਆਈ. ਤੇਜਿੰਦਰ ਸਿੰਘ ਵੱਲੋਂ ਪੁਲੀਸ ਪਾਰਟੀ ਸਮੇਤ ਗਸ਼ਤ ਦੌਰਾਨ ਝਪਟੀਆਂ ਗਈਆਂ ਵਾਲੀਆਂ ਦੇ ਦੋ ਜੋੜੇ ਸਣੇ ਇਕ ਮੁਲਜ਼ਮ ਹਰਪ੍ਰੀਤ ਸਿੰਘ ਨੂੰ ਕਾਬੂ ਕਰ ਲਿਆ ਗਿਆ ਜਦੋਂਕਿ ਦੂਜੇ ਮੁਲਜ਼ਮ ਦੀ ਤਲਾਸ਼ ਜਾਰੀ ਹੈ। ਹਿਰਾਸਤ ਵਿੱਚ ਲਏ ਗਏ ਮੁਲਜ਼ਮ ਨੌਜਵਾਨ ਨੇ ਦੱਸਿਆ ਕਿ ਇਸੇ ਸਟਾਈਲ ਵਿੱਚ ਬੀਤੀ 4 ਅਕਤੂਬਰ ਨੂੰ ਵੀ ਇਕ ਔਰਤ ਦੇ ਕੰਨਾਂ ’ਚੋਂ ਸੋਨੇ ਦੀਆਂ ਵਾਲੀਆਂ ਝਪਟ ਕੇ ਉਹ ਫਰਾਰ ਹੋ ਗਏ ਸਨ। ਅਧਿਕਾਰੀ ਨੇ ਦੱਸਿਆ ਕਿ ਪੁਲੀਸ ਵੱਲੋਂ ਹਿਰਾਸਤ ਵਿੱਚ ਲਏ ਗਏ ਝਪਟਕਾਰ ਮੁਲਜ਼ਮ ਨੌਜਵਾਨ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁੱਛਗਿਛ ਲਈ ਪੁਲੀਸ ਰਿਮਾਂਡ ਹਾਸਲ ਕੀਤਾ ਜਾਵੇਗਾ।