ਗੁਰਨਾਮ ਸਿੰਘ ਚੌਹਾਨ
ਪਾਤੜਾਂ, 27 ਜੁਲਾਈ
ਪਿੰਡ ਚੁਨਾਗਰਾ ਦੀ ਖੇਡ ਗਰਾਊਂਡ ਦੀ ਥਾਂ ’ਤੇ ਗੁਰਦੁਆਰਾ ਸਾਹਿਬ ਉੱਤੇ ਕਾਬਜ਼ ਧਿਰ ਵੱਲੋਂ ਕਥਿਤ ਕਬਜ਼ਾ ਕਰਨ ਦੇ ਮਾਮਲੇ ਨੂੰ ਲੈ ਕੇ ਦੋ ਧਿਰਾਂ ਦਰਮਿਆਨ ਟਕਰਾਅ ਹੋ ਗਿਆ। ਦੋਵਾਂ ਪਾਸੇ ਦੋ-ਦੋ ਵਿਅਕਤੀਆਂ ਦੇ ਮਾਮੂਲੀ ਸੱਟਾਂ ਲੱਗੀਆਂ ਹਨ। ਇਹ ਘਟਨਾ ਬੀਤੀ ਦੇਰ ਰਾਤ ਦੀ ਹੈ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਗੁਰੂ ਘਰ ਦੇ ਮੁਖੀ ਬਾਬਾ ਜੀਵਨ ਸਿੰਘ ਨੇ ਦੋਸ਼ ਲਾਇਆ ਕਿ ਟਕਰਾਅ ਦੌਰਾਨ ਗੋਲੀ ਚੱਲੀ ਹੈ, ਜਦੋਂਕਿ ਦੂਜੀ ਧਿਰ, ਪਿੰਡ ਵਾਸੀਆਂ ਅਤੇ ਪੁਲੀਸ ਅਧਿਕਾਰੀਆਂ ਨੇ ਗੋਲੀ ਚੱਲਣ ਦੀ ਘਟਨਾ ਤੋਂ ਇਨਕਾਰ ਕੀਤਾ ਹੈ। ਘਟਨਾ ਦਾ ਪਤਾ ਲੱਗਦੇ ਹੀ ਮੌਕੇ ’ਤੇ ਪਹੁੰਚੀ ਪੁਲੀਸ ਨੇ ਮਾਮਲੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਨਫਰੀ ਘੱਟ ਹੋਣ ਕਾਰਨ ਮਾਮਲਾ ਗੰਭੀਰ ਰੂਪ ਧਾਰਨ ਕਰ ਗਿਆ। ਐੱਸਡੀਐੱਮ ਪਾਤੜਾਂ ਡਾ. ਪਾਲਿਕਾ ਅਰੋੜਾ ਅਤੇ ਡੀਐੱਸਪੀ ਪਾਤੜਾਂ ਭਰਪੂਰ ਸਿੰਘ ਦੀ ਅਗਵਾਈ ਵਿੱਚ ਸਿਵਲ ਤੇ ਪੁਲੀਸ ਪ੍ਰਸ਼ਾਸਨ ਨੇ ਅੱਜ ਇੱਥੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਐੱਸਡੀਐੱਮ ਡਾ. ਪਾਲਿਕਾ ਅਰੋੜਾ ਨੇ ਦੱਸਿਆ ਕਿ ਦੋਵਾਂ ਧਿਰਾਂ ਦਰਮਿਆਨ ਇਹ ਮਾਮਲਾ ਸਾਲ 2016 ਤੋਂ ਚੱਲਿਆ ਆ ਰਿਹਾ ਹੈ। ਇੱਕ ਧਿਰ ਉਕਤ ਥਾਂ ’ਤੇ ਗੁਰੂ ਘਰ ਬਣਾਉਣਾ ਚਾਹੁੰਦੀ ਸੀ, ਜਦੋਂਕਿ ਦੂਜੀ ਧਿਰ ਇਸ ਨੂੰ ਸਕੂਲ ਦੇ ਖੇਡ ਗਰਾਊਂਡ ਦੀ ਜਗ੍ਹਾ ਦੱਸਦਿਆਂ ਗਰਾਊਂਡ ਹੀ ਰੱਖਣਾ ਚਾਹੁੰਦੀ ਸੀ। ਟਕਰਾਅ ਨੂੰ ਰੋਕਣ ਲਈ ਪ੍ਰਸ਼ਾਸਨ ਨੇ ਵਿਵਾਦਤ ਥਾਂ ਦੋਵਾਂ ਧਿਰਾਂ ਵਿਚਾਲੇ ਵੰਡ ਦਿੱਤੀ ਸੀ। ਉਦੋ ਤੋਂ ਇੱਕ ਪਾਸੇ ਗੁਰਦੁਆਰਾ ਸਾਹਿਬ ਅਤੇ ਦੂਜੇ ਪਾਸੇ ਖੇਡ ਗਰਾਊਂਡ ਬਣਿਆ ਹੋਇਆ ਸੀ ਅਤੇ ਦੋਵਾਂ ਵਿਚਾਲੇ ਕੰਧ ਕੱਢੀ ਗਈ ਸੀ। ਕੁਝ ਸਮਾਂ ਪਹਿਲਾਂ ਇਹ ਕੰਧ ਡਿੱਗ ਜਾਣ ਮਗਰੋਂ ਬੀਤੇ ਦੇਰ ਰਾਤ ਗੁਰੂ ਘਰ ’ਤੇ ਕਾਬਜ਼ ਧਿਰ ਵੱਲੋਂ ਟਰੈਕਟਰਾਂ ਦੀ ਮਦਦ ਨਾਲ ਮਿੱਟੀ ਪਾਈ ਜਾ ਰਹੀ ਸੀ। ਇਸੇ ਦੌਰਾਨ ਪਿੰਡ ਦੇ ਕੁਝ ਵਿਅਕਤੀਆਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਦੋਵਾਂ ਧਿਰਾਂ ਦਰਮਿਆਨ ਟਕਰਾਅ ਹੋ ਗਿਆ। ਉਨ੍ਹਾਂ ਦੱਸਿਆ ਕਿ ਵਿਵਾਦਤ ਥਾਂ ਦਾ ਝਗੜਾ ਪਿੰਡ ਦੀਆਂ ਦੋ ਧਿਰਾਂ ਦਰਮਿਆਨ ਹੈ, ਜਦੋਂਕਿ ਕੁਝ ਲੋਕ ਇਸ ਨੂੰ ਸਿੱਖਾਂ ਅਤੇ ਡੇਰਾ ਪ੍ਰੇਮੀਆਂ ਦਾ ਮਸਲਾ ਬਣਾ ਕੇ ਪੇਸ਼ ਕਰ ਰਹੇ ਹਨ। ਪ੍ਰਸ਼ਾਸਨ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ। ਇਸ ਮੌਕੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਪਾਤੜਾਂ ਰਮੇਸ਼ ਗੋਇਲ ਥਾਣਾ ਮੁਖੀ ਪਾਤੜਾਂ ਇੰਸਪੈਕਟਰ ਗੁਰਦੇਵ ਸਿੰਘ ਅਤੇ ਸਿਟੀ ਪੁਲਸ ਚੌਕੀ ਇੰਚਾਰਜ ਹਰਸ਼ਵੀਰ ਸਿੰਘ ਸੰਧੂ ਹਾਜ਼ਰ ਸਨ।
ਗੋਲੀ ਚੱਲਣ ਦੀ ਕੋਈ ਘਟਨਾ ਨਹੀਂ ਵਾਪਰੀ: ਡੀਐੱਸਪੀ
ਦੂਜੇ ਪਾਸੇ ਡੀਐੱਸਪੀ ਭਰਪੂਰ ਸਿੰਘ ਨੇ ਦੱਸਿਆ ਕਿ ਟਕਰਾਅ ਦੌਰਾਨ ਗੋਲੀ ਚੱਲਣ ਦੀ ਕੋਈ ਘਟਨਾ ਨਹੀਂ ਵਾਪਰੀ ਅਤੇ ਨਾ ਹੀ ਗੁਰੂ ਘਰ ਦੀ ਇਮਾਰਤ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਪੁੱਜਾ ਹੈ। ਕੁਝ ਲੋਕ ਜਾਣ ਬੁੱਝ ਕੇ ਅਫਵਾਹਾਂ ਫੈਲਾ ਰਹੇ ਹਨ। ਪੜਤਾਲ ਮਗਰੋਂ ਅਜਿਹੇ ਅਨਸਰਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪੁਲੀਸ ਮੁਲਾਜ਼ਮ ਵਿਵਾਦਿਤ ਥਾਂ ’ਤੇ ਤਾਇਲਾਤ ਕੀਤੇ ਗਏ ਹਨ, ਜੋ ਚੌਵੀ ਘੰਟੇ ਨਿਗਰਾਨੀ ਰੱਖਣਗੇ।