ਸਰਬਜੀਤ ਸਿੰਘ ਭੰਗੂ
ਪਟਿਆਲਾ, 30 ਨਵੰਬਰ
ਪੰਜਾਬੀ ਯੂਨੀਵਰਸਿਟੀ ਵੱਲੋਂ 9 ਦਸੰਬਰ ਨੂੰ ਕਰਵਾਈ ਜਾਣ ਵਾਲੀ ਕਾਨਵੋਕੇਸ਼ਨ ਹੁਣ ਇੱਕ ਦੀ ਬਜਾਏ ਲਗਾਤਾਰ ਦੋ ਦਿਨ ਚੱਲੇਗੀ। ਇਹ ਫੈਸਲਾ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਵਿਦਿਆਰਥੀਆਂ ਦੀ ਮੰਗ ਨੂੰ ਮੁੱਖ ਰੱਖ ਕੇ ਕੀਤਾ ਹੈ ਕਿਉਂਕਿ ਹਰ ਸਾਲ ਹੋਣ ਵਾਲ਼ੀ ਇਹ ਕਾਨਵੋਕੇਸ਼ਨ ਐਤਕੀ ਛੇ ਸਾਲਾਂ ਮਗਰੋਂ ਹੋਣ ਜਾ ਰਹੀ ਹੈ। ਇਸ ਕਰਕੇ ਡਿਗਰੀਆਂ ਪ੍ਰਾਪਤ ਕਰਨ ਵਾਲੇ ਖੋਜਾਰਥੀਆਂ ਦੀ ਗਿਣਤੀ ਵਧੇਰੇ ਹੋ ਗਈ ਹੈ। ਇਸ ਲਈ ਪਹਿਲਾਂ ਕਾਨਵੋਕੇਸ਼ਨ ਦੌਰਾਨ ਕੁਝ ਹੀ ਡਿਗਰੀਆਂ ਵੰਡਣ ਦਾ ਪ੍ਰੋਗਰਾਮ ਸੀ। ਬਾਕੀ ਡਿਗਰੀਆਂ ਸਬੰਧਤ ਵਿਭਾਗਾਂ ਤੋਂ ਲੈਣ ਲਈ ਆਖਿਆ ਗਿਆ ਸੀ ਪਰ ਖੋਜਾਰਥੀ ਇਸ ਗੱਲ ਦਾ ਵਿਰੋਧ ਕਰਨ ਲੱਗੇ। ਉਨ੍ਹਾਂ ਦਾ ਤਰਕ ਸੀ ਕਿ ਉਹ ਸਖਤ ਘਾਲਣਾ ਘਾਲ਼ ਕੇ ਹਾਸਲ ਕੀਤੀ ਗਈ ਡਿਗਰੀ ਕਾਨਵੋਕੇਸ਼ਨ ’ਚ ਹੀ ਲੈਣੀ ਚਾਹੁਣਗੇ। ਇਸ ਮਗਰੋਂ ਯੂਨੀਵਰਸਿਟੀ ਪ੍ਰ੍ਰਸ਼ਾਸਨ ਨੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਦੀ ਅਗਵਾਈ ਹੇਠ ਕੀਤੀ ਵਿਚਾਰ ਚਰਚਾ ਮਗਰੋਂ ਕਾਨਵੋਕੇਸ਼ਨ ਦਾ ਸਮਾਂ ਇਕ ਦੀ ਬਜਾਏ ਦੋ ਦਿਨ ਕਰ ਦਿੱਤਾ ਗਿਆ। ਇਸ ਤਰ੍ਹਾਂ ਹੁਣ ਇਹ ਕਾਨਵੋਕੇਸ਼ਨ 9 ਅਤੇ 10 ਦਸੰਬਰ ਨੂੰ ਭਾਵ ਦੋ ਦਿਨਾਂ ਦੀ ਹੋਵੇਗੀ। ਇਸ ਦੌਰਾਨ ਕੁਝ ਡਿਗਰੀਆਂ ਵਾਈਸ ਚਾਂਸਲਰ ਵੰਡਣਗੇ। ਵਾਈਸ ਚਾਂਸਲਰ ਪ੍ਰੋ. ਅਰਵਿੰਦ ਦਾ ਕਹਿਣਾ ਹੈ ਕਿ ਇੰਨੇ ਸਾਲ ਕਾਨਵੋਕੇਸ਼ਨ ਨਹੀਂ ਹੋ ਸਕੀ, ਤਾਂ ਇਸ ਵਿੱਚ ਵਿਦਿਆਰਥੀਆਂ ਦਾ ਕੋਈ ਕਸੂਰ ਨਹੀਂ ਹੈ। ਉਨ੍ਹਾਂ ਕਿਹਾ ਕਿ ਹਰੇਕ ਖੋਜਾਰਥੀ ਆਪਣੀ ਇਹ ਵੱਕਾਰੀ ਅਕਾਦਮਿਕ ਡਿਗਰੀ ਰਸਮੀ ਰੂਪ ਵਿੱਚ ਹੀ ਹਾਸਿਲ ਕਰਨੀ ਚਾਹੁੰਦਾ ਹੈ ਜਿਸ ਕਰਕੇ ਹੀ ਕਾਨਵੋਕੇਸ਼ਨ ਦੋ ਦਿਨਾ ਦੀ ਕੀਤੀ ਗਈ ਹੈ।
ਇਸੇ ਦੌਰਾਨ ਕੰਟਰੋਲਰ ਪ੍ਰੀਖਿਆਵਾਂ ਡਾ. ਏ.ਕੇ. ਤਿਵਾੜੀ ਵੱਲੋਂ ਜਾਰੀ ਕੀਤੀ ਗਈ ਤਾਜ਼ਾ ਜਾਣਕਾਰੀ ਅਨੁਸਾਰ ਜਿਹੜੇ ਖੋਜਾਰਥੀਆਂ ਨੇ ਸਾਲ 2015 ਤੋਂ 2020 ਤੱਕ ਪੀ-ਐੱਚ.ਡੀ. ਡਿਗਰੀ ਹਾਸਲ ਕੀਤੀ ਹੈ, ਉਨ੍ਹਾਂ ਲਈ ਪੀ-ਐੱਚ.ਡੀ. ਡਿਗਰੀ ਵੰਡ ਸਮਾਰੋਹ 10 ਦਸੰਬਰ ਨੂੰ ਹੋਵੇਗਾ। ਇਸੇ ਤਰ੍ਹਾਂ ਜਿਹੜੇ ਖੋਜਾਰਥੀਆਂ ਦੀਆਂ ਡਿਗਰੀਆਂ ਵੱਖ-ਵੱਖ ਵਿਭਾਗਾਂ ਵਿੱਚ ਉਪਲਬਧ ਪਈਆਂ ਹਨ, ਉਹ ਖੋਜਾਰਥੀ ਨਿੱਜੀ ਤੌਰ ’ਤੇ ਆਪਣੇ ਸਬੰਧਤ ਵਿਭਾਗ ਤੋਂ ਡਿਗਰੀ ਪ੍ਰਾਪਤ ਕਰਨਗੇ ਅਤੇ ਉਹ ਪ੍ਰਬੰਧਕੀ ਬਲਾਕ ਨੰਬਰ 01 (ਪ੍ਰੀਖਿਆ ਸ਼ਾਖਾ) ਦੀ ਗਰਾਊਂਡ ਫਲੋਰ ’ਤੇ ਬਣਾਏ ਗਏ ਇਸ ਨੋਡਲ ਸੈਂਟਰ ਵਿੱਚ 3 ਦਸੰਬਰ ਨੂੰ ਸ਼ਾਮ ਦੇ 4:00 ਵਜੇ ਤੱਕ ਹੀ ਹਰ ਹਾਲਤ ਵਿੱਚ ਜਮ੍ਹਾਂ ਕਰਵਾਉਣ ਨੂੰ ਯਕੀਨੀ ਬਣਾਉਣਗੇ। ਇਨ੍ਹਾਂ ਖੋਜਾਰਥੀਆਂ ਦੀ ਕਾਨਵੋਕੇਸ਼ਨ ਰਿਹਰਸਲ 10 ਦਸੰਬਰ ਨੂੰ ਸਵੇਰੇ 9:00 ਵਜੇ ਗੁਰੂ ਤੇਗ ਬਹਾਦਰ ਹਾਲ ਵਿਖੇ ਹੋਵੇਗੀ। ਡਿਗਰੀ ਵੰਡ ਸਮਾਰੋਹ ਇਸੇ ਹਾਲ ਵਿੱਚ ਬਾਅਦ ਦੁਪਹਿਰ 1:30 ਵਜੇ ਕੀਤਾ ਜਾਵੇਗਾ।