ਖੇਤਰੀ ਪ੍ਰਤੀਨਿਧ
ਪਟਿਆਲਾ, 30 ਜੁਲਾਈ
ਸਿਹਤ ਵਿਭਾਗ ਵੱਲੋਂ ਕੋਵਿਡ ਟੈਸਟਾਂ ਦੀ ਜਲਦ ਜਾਂਚ ਲਈ ਜਿਲ੍ਹੇ ਵਿਚ ਭੇਜੀ ਟਰੂਨੈਟ ਮਸ਼ੀਨ ਨੂੰ ਮਾਤਾ ਕੁਸ਼ੱਲਿਆ ਹਸਪਤਾਲ ਵਿੱਚ ਸਥਾਪਤ ਕਰਵਾਉਂਦਿਆਂ, ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਟੈਸਟਾਂ ਦੀ ਜਾਂਚ ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ।
ਉਨ੍ਹਾਂ ਦੱਸਿਆ ਕਿ ਇਹ ਟਰੂਨੈੱਟ ਮਸ਼ੀਨ ਦਾ ਨਵਾਂ ਮਾਡਲ ਹੈ। ਜਿਸ ਰਾਹੀ ਕਰੋਨਾ ਟੈਸਟ ਦੀ ਰਿਪੋਰਟ ਦੋ ਢਾਈ ਘੰਟਿਆਂ ਵਿਚ ਮਿਲ ਜਾਵੇਗੀ। ਇਸ ਨੂੰ ਐਮਰਜੈਂਸੀ ਕੇਸਾਂ ਜਾਂ ਕਰੋਨਾ ਯੋਧੇ (ਹੈਲਥ ਕੇਅਰ ਵਰਕਰ, ਡਾਕਟਰ, ਪੁਲੀਸ ਕਰਮੀਂ, ਪ੍ਰਸਾਸ਼ਨਿਕ ਅਧਿਕਾਰੀ, ਗਰਭਵਤੀ ਔਰਤਾਂ, ਜ਼ਿਆਦਾ ਕੋਵਿਡ ਲੱਛਣਾਂ ਵਾਲੇ ਮਰੀਜ਼, ਐਮਰਜੈਂਸੀ ਸਰਜਰੀ ਵਾਲੇ ਮਰੀਜ਼ਾਂ) ਆਦਿ ਦੀ ਕੋਵਿਡ ਜਾਂਚ ਵਿਚ ਵਰਤਿਆ ਜਾਵੇਗਾ। ਉਨ੍ਹਾਂਂ ਕਿਹਾ ਕਿ ਜਿਹੜੇ ਕੋਵਿਡ ਲੱਛਣਾਂ ਵਾਲੇ ਮਰੀਜ਼ਾਂ ਦੇ ਕੋਵਿਡ ਸਬੰਧੀ ਰੈਪਿਡ ਐਂਟੀਜਨ ਟੈਸਟ ਨੈਗੇਟਿਵ ਆਉਣਗੇ, ਨੂੰ ਪਹਿਲ ਦੇ ਆਧਾਰ ’ਤੇ ਇਸ ਮਸ਼ੀਨ ਰਾਹੀ ਟੈਸਟ ਕੀਤਾ ਜਾਵੇਗਾ। ਅਜਿਹੀ ਹੀ ਇੱਕ ਮਸ਼ੀਨ ਪਟਿਆਲਾ ਦੇ ਟੀ.ਬੀ. ਹਸਪਤਾਲ ਵਿਚ ਪਹਿਲਾਂ ਹੀ ਸਥਾਪਤ ਕੀਤੀ ਜਾ ਚੁੱਕੀ ਹੈ।
ਮਾਮਲੇ ਵਧਣ ਤੋਂ ਘਬਰਾਉਣ ਦੀ ਲੋੜ ਨਹੀਂ: ਡੀਸੀ
ਹਫ਼ਤਾਵਾਰੀ ਫੇਸਬੁਕ ਲਾਈਵ ਰਾਹੀਂ ਪਟਿਆਲਵੀਆਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਕੋਵਿਡ-19 ਦੇ ਵੱਧਦੇ ਮਾਮਲਿਆਂ ਕਰਕੇ ਘਬਰਾਉਣ ਦੀ ਥਾਂ ਕਰੋਨਾ ਸਬੰਧੀ ਜ਼ਰੂਰੀ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਟੈਸਟਿੰਗ ਸਮਰੱਥਾ ਨੂੰ ਵਧਾਏ ਜਾਣ ਕਰਕੇ ਕੋਵਿਡ-19 ਦੇ ਮਾਮਲੇ ਸਾਹਮਣੇ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ ਕੋਵਿਡ ਮਰੀਜ਼ਾਂ ਦੀ ਸੰਭਾਲ ਲਈ 3800 ਤੋਂ ਵਧੇਰੇ ਬੈਡਾਂ ਸਮੇਤ ਲੋੜੀਂਦੀਆਂ ਮੈਡੀਕਲ ਸਹੂਲਤਾਂ ਤੇ ਟੈਸਟਿੰਗ ਸਮਰੱਥਾ ਉਪਲਬਧ ਹੈ। ਹਰਗੋਬਿੰਦ ਕਲੋਨੀ ਬਹਾਦਰਗੜ੍ਹ, ਗੁਰੂ ਨਾਨਕ ਨਗਰ ਪਟਿਆਲਾ ਸਮੇਤ ਦੁਰਗਾ ਮੰਦਿਰ ਰੋਡ ਤੇ ਆਰੀਆ ਸਮਾਜ ਰਾਜਪੁਰਾ ਨਵੇਂ ਕੰਟੇਨਮੈਂਟ ਜ਼ੋਨ ਬਣਾਏ ਗਏ ਹਨ।