ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 23 ਜੂਨ
ਜ਼ਿਲ੍ਹੇ ਦੀ ਹਦੂਦ ਅੰਦਰ ਹੋਟਲ, ਰੈਸਟੋਰੈਂਟਸ, ਹੋਰ ਪ੍ਰਾਹੁਣਚਾਰੀ ਸੇਵਾਵਾਂ ਸਣੇ ਵਿਆਹਾਂ ਅਤੇ ਸਮਾਜਿਕ ਸਮਾਗਮ ਹੁਣ ਕੋਵਿਡ-19 ਤਹਿਤ ਕਾਰਜਸ਼ੀਲ ਹੋਣਗੇ। ਜ਼ਿਲ੍ਹਾ ਮੈਜਿਸਟ੍ਰੇਟ ਨੇ ਭਾਰਤ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਤੇ ਪੰਜਾਬ ਦੇ ਵਧੀਕ ਮੁੱਖ ਸਕੱਤਰ ਗ੍ਰਹਿ ਵੱਲੋਂ ਅੱਜ ਜਾਰੀ ਕੀਤੇ ਨਿਰਦੇਸ਼ਾਂ ਦੇ ਮੱਦੇਨਜ਼ਰ ਇਨ੍ਹਾਂ ਥਾਵਾਂ ਦੇ ਪ੍ਰਬੰਧਕਾਂ ਨੂੰ ਕਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਨਿਰਧਾਰਿਤ ਸੰਚਾਲਨ ਵਿਧੀ (ਐੱਸ.ਓ.ਪੀਜ਼) ਦੀ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਹੈ। ਇਨ੍ਹਾਂ ਥਾਵਾਂ ’ਤੇ ਹੱਥਾਂ ਦੀ ਸਫ਼ਾਈ, ਸਮਾਜਿਕ ਦੂਰੀ ਤੇ ਮਾਸਕ ਲਾਜ਼ਮੀ ਹੋਣ ਸਣੇ ਕੋਵਿਡ-19 ਦੇ ਬਾਕੀ ਸਾਵਧਾਨੀ ਪ੍ਰੋਟੋਕਾਲਜ਼ ਦੀ ਪਾਲਣਾਂ ਲਾਜ਼ਮੀ ਹੋਵੇਗੀ।
ਜ਼ਿਲ੍ਹਾ ਮੈਜਿਸਟ੍ਰੇਟ ਕੁਮਾਰ ਅਮਿਤ ਨੇ ਕਿਹਾ ਕਿ ਰੈਸਟੋਰੈਂਟਸ ਵਿਚ ਆਮ ਲੋਕਾਂ ਵੱਲੋਂ ਰਾਤ 8 ਵਜੇ ਤੱਕ 50 ਫ਼ੀਸਦੀ ਸਮਰੱਥਾ ਮੁਤਾਬਕ ਬੈਠ ਕੇ ਖਾਣਾ ਖਾਇਆ ਜਾ ਸਕੇਗਾ। ਹੋਟਲ ਅਤੇ ਹੋਰ ਪ੍ਰਾਹੁਣਚਾਰੀ ਸੇਵਾਵਾਂ ਦੇਣ ਵਾਲੇ ਹੋਟਲਾਂ ’ਚ ਰੈਸਟੋਰੈਂਟ ’ਚ ਮਹਿਮਾਨਾਂ ਦੀ 50 ਫ਼ੀਸਦੀ ਬੈਠਣ ਦੀ ਸਮਰੱਥਾ ਦੇ ਚਲਦਿਆਂ ਖਾਣਾ ਖੁਆਉਣ ਦੀ ਆਗਿਆ ਹੋਵੇਗੀ। ਬਾਰ ਬੰਦ ਰਹੇਗੀ, ਹੋਟਲ ਤੇ ਰੈਸਟੋਰੈਂਟ ਦੇ ਕਮਰਿਆਂ ਵਿਚ ਰਾਜ ਦੀ ਆਬਕਾਰੀ ਨੀਤੀ ਮੁਤਾਬਕ ਸ਼ਰਾਬ ਵਰਤਾਈ ਜਾ ਸਕਦੀ ਹੈ। ਬੈਂਕੁਇਟ ਹਾਲ, ਮੈਰਿਜ ਪੈਲੇਸ ਆਦਿ ਵਿਚ 50 ਵਿਅਕਤੀਆਂ ਦੀ ਨਿਰਧਾਰਿਤ ਗਿਣਤੀ ਤਹਿਤ ਸਮਾਗਮ ਕੀਤਾ ਜਾ ਸਕੇਗਾ। ਕੇਟਰਿੰਗ ਸਟਾਫ਼ ਸਣੇ ਮਹਿਮਾਨਾਂ ਦੀ ਗਿਣਤੀ 50 ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ।