ਸਰਬਜੀਤ ਸਿੰਘ ਭੰਗੂ
ਪਟਿਆਲਾ, 24 ਜੁਲਾਈ
ਭਾਵੇਂ ਕਿ ਕਰੋਨਾਵਾਇਰਸ ’ਤੇ ਇੱਕ ਵਾਰ ਕਾਬੂ ਪਾ ਲਿਆ ਗਿਆ ਸੀ ਪਰ ਕੁਝ ਦਿਨਾਂ ਤੋਂ ਇਸ ਮਹਾਮਾਰੀ ਨੇ ਇਕ ਵਾਰ ਫਿਰ ਤੋਂ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਕਰੋਨਾ ਨੇ ਅੱਜ ਪਟਿਆਲਾ ਜ਼ਿਲ੍ਹੇ ਵਿੱਚ ਇੱਕ ਹੋਰ ਜਾਨ ਲੈ ਲਈ ਹੈ ਜਿਸ ਨਾਲ ਕਰੋਨਾ ਕਾਰਨ ਹੁਣ ਤੱਕ ਜ਼ਿਲ੍ਹੇ ਵਿੱਚ ਮਰਨ ਵਾਲਿਆਂ ਦੀ ਗਿਣਤੀ 1713 ਹੋ ਗਈ ਹੈ। ਇਸ ਤੋਂ ਇਲਾਵਾ ਅੱਜ ਜ਼ਿਲ੍ਹੇ ਵਿੱਚ ਕਰੋਨਾ ਦੇ 42 ਨਵੇਂ ਕੇਸ ਮਿਲੇ ਹਨ, ਜਿਨ੍ਹਾਂ ਵਿੱਚੋਂ 24 ਕੇਸ ਪਟਿਆਲਾ ਸ਼ਹਿਰ ਵਿੱਚੋਂ ਹਨ ਜਦਕਿ 6 ਕੇਸ ਰਾਜਪੁਰਾ, ਕਾਲੋਮਾਜਰਾ ਤੇ ਸ਼ੁਤਰਾਣਾ ਤੋਂ ਤਿੰਨ-ਤਿੰਨ, ਕੌਲੀ ਤੇ ਭਾਦਸੋਂ ਤੋਂ ਦੋ-ਦੋ ਕੇਸ ਅਤੇ ਨਾਭਾ, ਸਮਾਣਾ, ਦੂਧਨਸਾਧਾਂ ਤੋਂ ਇੱਕ-ਇੱਕ ਕੇਸ ਰਿਪੋਰਟ ਹੋਏ ਹਨ।
ਇਸ ਤਰ੍ਹਾਂ ਹੁਣ ਤੱਕ ਜ਼ਿਲ੍ਹੇ ਵਿੱਚ ਕਰੋਨਾ ਪਾਜ਼ੇਟਿਵ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 63076 ਹੋ ਗਈ ਹੈ ਜਿਨ੍ਹਾਂ ਵਿੱਚੋਂ 61107 ਠੀਕ ਹੋਏ ਹਨ ਜਦਕਿ 256 ਅਜੇ ਵੀ ਐਕਟਿਵ ਹਨ। ਸਿਵਲ ਸਰਜਨ ਡਾ. ਰਾਜੂ ਧੀਰ ਨੇ ਇਨ੍ਹਾਂ ਤੱਥਾਂ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਕਰੋਨਾ ਦੇ ਵਧਦੇ ਪ੍ਰਕੋਪ ਨੂੰ ਰੋਕਣ ਲਈ ਸਿਹਤ ਵਿਭਾਗ ਹਰ ਸੰਭਵ ਯਤਨ ਕਰ ਰਿਹਾ ਹੈ।
ਉੱਧਰ, ਮਹਾਮਾਰੀ ਰੋਕਥਾਮ ਦੇ ਮਾਹਿਰ ਡਾ. ਸੁਮਿਤ ਸਿੰਘ ਨੇ ਕਿ ਅੱਜ 135 ਹੋਰ ਸੈਂਪਲ ਲਏ ਗਏ ਹਨ। ਸੈਂਪਲਾਂ ਦੀ ਕੁੱਲ ਗਿਣਤੀ 12.67 ਲੱਖ ਹੋ ਚੁੱਕੀ ਹੈ। ਕੋਵਿਡ ਤੋਂ ਬਚਾਅ ਲਈ ਸਾਵਧਾਨੀਆਂ ਅਪਣਾਉਣ ’ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਜਿਨ੍ਹਾਂ ਵਿਅਕਤੀਆਂ ਨੇ ਅਜੇ ਤੱਕ ਸੰਪੂਰਨ ਟੀਕਾਕਰਨ ਨਹੀਂ ਕਰਵਾਇਆ ਹੈ ਉਹ ਕਰੋਨਾ ਵਿਰੋਧੀ ਵੈਕਸੀਨ ਲਗਵਾਉਣੀ ਯਕੀਨੀ ਬਣਾਉਣ। ਹੁਣ 18 ਸਾਲ ਤੋਂ ਵੱਧ ਉਮਰ ਦਾ ਕੋਈ ਵੀ ਨਾਗਰਿਕ ਕੋਵਿਡ ਵਿਰੋਧੀ ਵੈਕਸਿਨ ਦੀ ਬੂਸਟਰ ਡੋਜ਼ ਲਗਵਾ ਸਕਦਾ ਹੈ। ਅੱਜ 438 ਨਾਗਰਿਕਾਂ ਦਾ ਟੀਕਾਕਰਨ ਕੀਤਾ ਗਿਆ।
ਐੱਨਸੀਸੀ ਦੇ ਏਅਰ ਵਿੰਗ ਨੇ 23ਵਾਂ ਟੀਕਾਕਰਨ ਕੈਂਪ ਲਾਇਆ
ਇੱਥੇ ਸੀਨੀਅਰ ਸੈਕੰਡਰੀ ਮਾਡਲ ਸਕੂਲ ਪੰਜਾਬੀ ਯੂਨੀਵਰਸਿਟੀ ਦੇ ਐੱਨਸੀਸੀ ਏਅਰ ਵਿੰਗ ਵੱਲੋਂ ਏਐੱਨਓ ਸਤਵੀਰ ਸਿੰਘ ਗਿੱਲ ਦੀ ਨਿਗਰਾਨੀ ਹੇਠ 23ਵਾਂ ਟੀਕਾਕਰਨ ਕੈਂਪ ਅਰਬਨ ਅਸਟੇਟ ਦੇ ਤੁੰਗਨਾਥ ਮੰਦਰ ਵਿੱਚ ਲਗਾਇਆ ਗਿਆ। ਇਸ ਦੌਰਾਨ ਕਈ ਵਿਅਕਤੀਆਂ ਦਾ ਟੀਕਾਕਰਨ ਕੀਤਾ ਗਿਆ। ਇਹ ਕੈਂਪ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਵੀਨੂੰ ਗੋਇਲ, ਸਹਾਇਕ ਸਿਵਲ ਸਰਜਨ ਡਾ. ਵਿਕਾਸ ਗੋਇਲ ਤੇ ਐੱਸਐੱਮਓ ਤ੍ਰਿਪੜੀ ਡਾ. ਸੰਜੈ ਬਾਂਸਲ ਦੀ ਅਗਵਾਈ ਹੇਠ ਲਗਾਇਆ ਗਿਆ, ਜਿਸ ਨੂੰ ਸਫਲ ਬਣਾਉਣ ਲਈ ਗਰੁੱਪ ਕੈਪਟਨ ਰਾਜੇਸ਼ ਸ਼ਰਮਾ, ਕੰਵਰਦੀਪ ਸਿੰਘ ਗਿੱਲ, ਰਮਨਦੀਪ ਸਿੰਘ, ਰਾਜਿੰਦਰ ਪਾਲ ਤੇ ਨਵਦੀਪ ਕੌਰ ਆਦਿ ਸ਼ਖਸੀਅਤਾਂ ਨੇ ਆਪਣਾ ਵਡਮੁੱਲਾ ਯੋਗਦਾਨ ਪਾਇਆ।