ਸਰਬਜੀਤ ਸਿੰਘ ਭੰਗੂ
ਪਟਿਆਲਾ, 7 ਅਗਸਤ
ਆਪਣੀਆਂ ਮੰਗਾਂ ਲਈ ਅੱਜ ਐਨਐਚਐਮ ਕੋਵਿਡ-19 ਮੈਡੀਕਲ ਅਤੇ ਪੈਰਾਮੈਡੀਕਲ ਵਾਲੰਟਰੀਅਰਾਂ ਨੇ ਜਥੇਬੰਦੀ ਦੇ ਸੂਬਾਈ ਪ੍ਰਧਾਨ ਰਾਜਵਿੰਦਰ ਸਿੰਘ ਦੀ ਅਗਵਾਈ ਹੇਠ ਅੱਜ ਇੱਥੇ ਜੇਲ੍ਹ ਰੋਡ ’ਤੇ ਪੁੱਡਾ ਗਰਾਊਂਡ ਵਿੱਚ ਇਕੱਤਰਤਾ ਕੀਤੀ। ਇੱਥੋਂ ਜਦੋਂ ਇਸ ਕਾਫਲੇ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਕੋਠੀ ਵੱਲ ਨੂੰ ਚਾਲੇ ਪਾਏ ਤਾਂ ਪੁਲੀਸ ਫੋਰਸ ਨੇ ਇਨ੍ਹਾਂ ਨੂੰ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਨੇੜੇ ਸਥਿਤ ਸਰਹਿੰਦ ਰੋਡ ਵਾਲ਼ੇ ਬੱਸ ਸਟੈਂਡ ਦੇ ਕੋਲ਼ ਰੋਕ ਲਿਆ। ਇਸ ਤੋਂ ਖਫ਼ਾ ਹੋਏ ਇਨ੍ਹਾਂ ਵਾਲੰਟੀਅਰਾਂ ਨੇ ਚਾਰ ਘੰਟਿਆਂ ਤੱਕ ਖੰਡਾ ਚੌਕ ਜਾਮ ਰੱੱਖਿਆ ਜਿਸ ਕਾਰਨ ਲੋਕਾਂ ਨੂੰ ਵੀ ਡਾਢੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ।
ਪ੍ਰਧਾਨ ਰਾਜਵਿੰਦਰ ਅਤੇ ਸੂਬਾ ਸਕੱਤਰ ਚਮਕੌਰ ਚੰਨੀ ਨੇ ਦੱਸਿਆ ਕਿ ਉਹ ਪੰਦਰਾਂ ਅਗਸਤ ਨੂੰ ਵੀ ਮੁੱਖ ਮੰਤਰੀ ਦੀ ਆਮਦ ਮੌਕੇ ਰੋਸ ਮੁਜ਼ਾਹਰਾ ਕਰਨਗੇ। ਉਨ੍ਹਾਂ ਦਾ ਕਹਿਣਾ ਸੀ ਕਿ ਸਰਕਾਰ ਨੇ ਬੋਰਡਾਂ ’ਤੇ ਤਾਂ ਲਿਖ ਦਿੱਤਾ 29 ਹਜ਼ਾਰ ਮੁਲਾਜ਼ਮ ਭਰਤੀ ਕੀਤੇ ਹਨ ਪਰ ਕਰੋਨਾ ਕਾਲ ਵੇਲ਼ੇ ਉਨ੍ਹਾਂ ਤੋਂ ਜ਼ੋਖਮ ਭਰਿਆ ਕੰਮ ਲੈ ਕੇ ਮਗਰੋਂ ਘਰਾਂ ਨੂੰ ਤੋਰ ਦਿੱਤਾ ਤੇ ਉਹ ਉਦੋਂ ਤੋਂ ਹੀ ਸੰਘਰਸ਼ ਕਰਦੇ ਆ ਰਹੇ ਹਨ। ਉਨ੍ਹਾਂ ਨੇ ਮੰਗ ਕੀਤੀ ਕਿ ਕਰੋਨਾ ਕਾਲ ਦੌਰਾਨ ਕੰਮ ਕਰਨ ਵਾਲ਼ੇ ਸਮੂਹ ਡਾਕਟਰਾਂ ਅਤੇ ਤੇ ਹੋਰ ਵਾਲੰਟੀਅਰਾਂ ਨੂੰ ਬਹਾਲ ਕਰਕੇ ਮੁੜ ਨੌਕਰੀਆਂ ’ਤੇ ਰੱਖਿਆ ਜਾਵੇ। ਕਿਉਂਕਿ ਅਜੇ ਵੀ ਸਿਹਤ ਵਿਭਾਗ ’ਚ ਹਜਾਰਾਂ ਹੀ ਆਸਾਮੀਆਂ ਖਾਲੀ ਪਈਆਂ ਹਨ। ਇਸ ਮੌਕੇ ਪ੍ਰੈਸ ਕਰਮਜੀਤ ਸੁਨਾਮ, ਗੁਰਪਿਆਰ ਸਪੀਕਰ, ਜ਼ਿਲ੍ਹਾ ਪ੍ਰਧਾਨ ਗੁਰਵੀਰ ਸਿੰਘ, ਤਰਸੇਮ ਲਖਮੀਰਵਾਲਾ ਜ਼ਿਲ੍ਹਾ ਚੇਅਰਮੈਨ ਸੰਗਰੂਰ, ਹਰਦੀਪ ਸਿੰਘ ਬੱਬੂ, ਰਮਨਦੀਪ ਕੌਰ, ਮਨਪ੍ਰੀਤ ਕੌਰ, ਗੁਰਪ੍ਰੀਤ ਕੌਰ ਤੇ ਰੀਤੂ ਰਾਣੀ ਆਦਿ ਹਾਜ਼ਰ ਸਨ।