ਖੇਤਰੀ ਪ੍ਰਤੀਨਿਧ
ਪਟਿਆਲਾ, 11 ਨਵੰਬਰ
ਨਗਰ ਨਿਗਮ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖ-ਵੱਖ ਨਾ ਕਰਨ ਵਾਲੇ ਯੂਨਿਟ ਮਾਲਕ ਦਾ ਕੂੜਾ ਚੁੱਕਣਾ ਬੰਦ ਕਰ ਦੇਵੇਗਾ। ਇਸ ਤੋਂ ਬਾਅਦ ਜੇਕਰ ਕੋਈ ਵੀ ਯੂਨਿਟ ਮਾਲਕ ਕੂੜਾ ਕਿਸੇ ਅਣਅਧਿਕਾਰਤ ਥਾਂ ’ਤੇ ਡੰਪ ਕਰਦਾ ਹੈ, ਤਾਂ ਉਸ ਵਿਰੁੱਧ ਇਲਾਕੇ ਦੇ ਸੈਨੇਟਰੀ ਇੰਸਪੈਕਟਰ ਵੱਲੋਂ ਚਲਾਨ ਕੱਟ ਕੇ ਕਾਰਵਾਈ ਕੀਤੀ ਜਾਵੇਗੀ। ਨਿਗਮ ਕਮਿਸ਼ਨਰ ਵਿਨੀਤ ਕੁਮਾਰ ਨੇ ਇਹ ਜਾਣਕਾਰੀ ਸ਼ਹਿਰ ਵਿੱਚ ਕੂੜੇ ਦੇ ਢੁਕਵੇਂ ਨਿਪਟਾਰੇ ਲਈ ਸੈਨੇਟਰੀ ਟੀਮ ਨਾਲ ਮੀਟਿੰਗ ਕਰਨ ਉਪਰੰਤ ਮੀਡੀਆ ਨਾਲ ਸਾਂਝੀ ਕੀਤੀ। ਨਗਰ ਨਿਗਮ ਦਾ ਮੁੱਖ ਡੰਪਿੰਗ ਗਰਾਊਂਡ ਸਨੌਰ ਰੋਡ ’ਤੇ ਹੈ, ਜਿਸ ਕਰਕੇ ਸ਼ਹਿਰ ਨੂੰ ਭਾਰੀ ਦਿਕੱਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਸ਼ਹਿਰ ਵਿੱਚ ਵੱਧ ਰਹੇ ਹਵਾ ਪ੍ਰਦੂਸ਼ਣ ਨੂੰ ਠੀਕ ਕਰਨ ਲਈ ਡੰਪ ’ਤੇ ਪਏ ਕੂੜੇ ਤੋਂ ਖਾਦ ਬਣਾਉਣ ਲਈ 6.80 ਕਰੋੜ ਦੀ ਲਾਗਤ ਨਾਲ ਰੇਮੀਡੀਏਸ਼ਨ ਪਲਾਂਟ ਲਾਇਆ ਗਿਆ ਹੈ। ਨਿਗਮ ਇਸ ਡੰਪ ‘ਤੇ 60 ਫੀਸਦੀ ਕੂੜੇ ਤੋਂ ਖਾਦ ਤਿਆਰ ਕਰ ਚੁੱਕਾ ਹੈ। ਹਰ ਰੋਜ਼ ਸ਼ਹਿਰ ਵਿੱਚੋਂ 135 ਟਨ ਕੂੜਾ ਪੈਦਾ ਹੋ ਰਿਹਾ ਹੈ, ਜਿਸ ਨੂੰ ਡੰਪ ਕਰਨ ਲਈ ਸ਼ਹਿਰ ਦੇ ਅੰਦਰ ਜਾਂ ਬਾਹਰ ਕੋਈ ਥਾਂ ਨਹੀਂ ਬਚੀ ਹੈ। ਇਸ ਲਈ ਲੋੜ ਹੈ ਕਿ ਨਗਰ ਨਿਗਮ ਦੇ ਅਧਿਕਾਰ ਖੇਤਰ ਵਿੱਚ ਰਹਿੰਦੇ ਲੋਕ ਆਪਣੇ ਘਰਾਂ ਵਿੱਚ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖ-ਵੱਖ ਕਰਕੇ ਰੱਖਣ, ਤਾਂ ਜੋ ਕੂੜੇ ਦਾ ਨਿਪਟਾਰਾ ਸਹੀ ਢੰਗ ਨਾਲ ਕੀਤਾ ਜਾ ਸਕੇ। ਨਿਗਮ ਕਮਿਸ਼ਨਰ ਵਿਨੀਤ ਕੁਮਾਰ ਨੇ ਦੱਸਿਆ ਕਿ ਸ਼ਹਿਰ ਦੀਆਂ ਘਰੇਲੂ ਜਾਂ ਵਪਾਰਕ ਇਕਾਈਆਂ ਤੋਂ ਕੂੜਾ ਚੁੱਕਣ ਲਈ 350 ਕਰਮਚਾਰੀ ਕੰਮ ਕਰ ਰਹੇ ਹਨ। ਜੇਕਰ ਹਰੇਕ ਯੂਨਿਟ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖ ਕਰ ਕੇ ਕਰਮਚਾਰੀ ਨੂੰ ਦੇ ਦਿੰਦਾ ਹੈ, ਤਾਂ ਉਹ ਆਸਾਨੀ ਨਾਲ ਸੁੱਕੇ ਕੂੜੇ ਨੂੰ ਆਪਣੀ ਆਮਦਨ ਦਾ ਸਰੋਤ ਬਣਾ ਸਕਣਗੇ ਅਤੇ ਗਿੱਲੇ ਕੂੜੇ ਨੂੰ ਸੈਂਟਰ ਤੱਕ ਪਹੁੰਚਾ ਕੇ ਖਾਦ ਤਿਆਰ ਕਰ ਸਕਣਗੇ।