ਪੱਤਰ ਪ੍ਰੇਰਕ
ਘਨੌਰ, 23 ਅਕਤੂਬਰ
ਅੰਮ੍ਰਿਤਸਰ-ਕੋਲਕਾਤਾ ਇੰਟੈਗ੍ਰੇਟਿਡ ਕੌਰੀਡੋਰ ਪ੍ਰਾਜੈਕਟ ਲਈ ਪਿੰਡ ਤਖਤੂਮਾਜਰਾ ਅਤੇ ਆਕੜੀ ਸਮੇਤ ਪੰਜ ਪਿੰਡਾਂ ਦੀ 1104 ਏਕੜ ਜ਼ਮੀਨ ਗ੍ਰਹਿਣ ਕਰ ਕੇ ਮਗਰੋਂ ਪੁੱਡਾ ਨੂੰ ਸੌਪੇਂ ਜਾਣ ਤੋਂ ਪ੍ਰਭਾਵਿਤ ਇਨ੍ਹਾਂ ਪਿੰਡਾਂ ਦੇ ਸੈਂਕੜੇ ਕਾਸ਼ਤਕਾਰਾਂ ਅਤੇ ਖੇਤ ਮਜ਼ਦੂਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਆਰੰਭੇ ਗਏ ਸੰਘਰਸ਼ ਤਹਿਤ ਰੋਸ ਧਰਨ ਅੱਜ ਪੰਜਵੇਂ ਦਿਨ ਵੀ ਜਾਰੀ ਰਿਹਾ। ਅੱਜ ਦੇ ਧਰਨੇ ਦੌਰਾਨ ਆਗੂਆਂ ਜਸਵਿੰਦਰ ਸਿੰਘ ਆਕੜੀ, ਮਨਿੰਦਰਜੀਤ ਸਿੰਘ ਵਿੱਕੀ, ਹਰਦੀਪ ਸਿੰਘ ਸੇਹਰਾ, ਮਨਦੀਪ ਸਿੰਘ ਸੇਹਰੀ, ਸੁਰਿੰਦਰਪਾਲ ਸਿੰਘ ਆਕੜੀ, ਰਾਮ ਰਤਨ, ਮਿਲਖੀ ਰਾਮ ਬਸਤੀ ਬਾਜੀਗਰ ਸਮੇਤ ਹੋਰਨਾਂ ਨੇ ਸਰਕਾਰ ਖ਼ਿਲਾਫ਼ ਭੜਾਸ ਕੱਢੀ। ਜਿ਼ਕਰਯੋਗ ਹੈ ਕਿ ਪ੍ਰਸ਼ਾਸਨ ਵੱਲੋਂ ਉਕਤ ਪੰਜ ਪਿੰਡਾਂ ’ਤੇ ਅਧਾਰਿਤ 11 ਮੈਂਬਰੀ ਕਮੇਟੀ ਨਾਲ ਸੰਘਰਸ਼ਸੀਲ ਲੋਕਾਂ ਦੀ ਮੰਗਾਂ ਸੰਬਧੀ ਡੀ.ਸੀ ਪਟਿਆਲਾ ਸਾਕਸ਼ੀ ਸਾਹਨੀ ਨਾਲ 26 ਅਕਤੂਬਰ ਨੂੰ ਮੀਟਿੰਗ ਹੋਣੀ ਤੈਅ ਕਰਵਾਈ ਗਈ ਹੈ, ਪਰ ਇਸ ਦੇ ਬਾਵਜੂਦ ਕਿਸਾਨ ਮੰਗਾਂ ਦੇ ਹੱਲ ਲਈ ਧਰਨੇ ’ਤੇ ਡਟੇ ਹੋਏ ਹਨ। ਇਸ ਦੌਰਾਨ ਆਗੂਆਂ ਨੇ ਕਿਹਾ ਕਿ ਪੁੱਡਾ ਵੱਲੋਂ ਉਨ੍ਹਾਂ ਦੀਆ ਮੰਗਾਂ ਮੰਨੇ ਬਿਨਾਂ ਹੀ ਗ੍ਰਹਿਣ ਕੀਤੀ ਗਈ ਜ਼ਮੀਨ ਦੁਆਲੇ ਕੰਡਾਤਾਰ ਲਗਾਉਣੀ ਆਰੰਭ ਦਿੱਤੀ ਗਈ ਹੈ।ਜਿਸ ਕਾਰਨ ਕਿਸਾਨਾਂ ਦੀ ਜੱਦੀ ਜ਼ਮੀਨ ਅਤੇ ਬਾਜ਼ੀਗਰ ਬਸਤੀ ਪੱਬਰਾ ਨੂੰ ਜਾਂਦੇ ਰਾਹ ਬੰਦ ਕੀਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਲੋਕਾਂ ਵਿੱਚ ਉਨ੍ਹਾਂ ਦੀਆਂ ਮੰਗਾਂ ਨੂੰ ਅਣਦੇਖਿਆ ਕਰਕੇ ਪੁੱਡਾ ਦੀ ਕਾਰਵਾਈ ਕਾਰਨ ਲੋਕਾਂ ਵਿੱਚ ਤਿੱਖਾ ਰੋਸ ਹੈ।