ਬਹਾਦਰ ਸਿੰਘ ਮਰਦਾਂਪੁਰ
ਘਨੌਰ, 26 ਅਕਤੂਬਰ
ਸਰਕਾਰ ਵੱਲੋਂ ਅੰਮ੍ਰਿਤਸਰ-ਕੋਲਕਾਤਾ ਇੰਟੇਗ੍ਰੇਟਿਡ ਕੋਰੀਡੋਰ ਪ੍ਰਾਜੈਕਟ ਲਈ ਪਿੰਡ ਤਖਤੂਮਾਜਰਾ, ਪੱਬਰਾ, ਆਕੜੀ, ਸੇਹਰਾ ਅਤੇ ਸੇਹਰੀ ਦੀ 1104 ਏਕੜ ਜ਼ਮੀਨ ਗ੍ਰਹਿਣ ਕਰਨ ਮਗਰੋਂ ਪੁੱਡਾ ਨੂੰ ਸੌਂਪੇ ਜਾਣ ਤੋਂ ਪ੍ਰਭਾਵਿਤ ਪਿੰਡਾਂ ਦੇ ਸੈਂਕੜੇ ਕਾਸ਼ਤਕਾਰਾਂ ਅਤੇ ਖੇਤ ਮਜ਼ਦੂਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ (ਭਟੇੜੀ ਕਲਾਂ) ਦੇ ਸਹਿਯੋਗ ਨਾਲ ਸੰਘਰਸ਼ ਆਰੰਭਿਆ ਗਿਆ ਸੀ।
ਧਰਨਾਕਾਰੀਆਂ ਦੀਆਂ ਮੰਗਾਂ ਸਬੰਧੀ ਡੀਸੀ (ਪਟਿਆਲਾ) ਸਾਕਸ਼ੀ ਸਾਹਨੀ ਅਤੇ ਹੋਰਨਾਂ ਅਧਿਕਾਰੀਆਂ ਨਾਲ ਕਮੇਟੀ ਆਗੂਆਂ ਦੀ ਅੱਜ ਮੀਟਿੰਗ ਹੋਈ। ਇਸ ਦੌਰਾਨ ਮੰਗਾਂ ਮੰਨੇ ਜਾਣ ਦੇ ਲਿਖਤੀ ਭਰੋਸੇ ਮਗਰੋਂ ਧਰਨਾਕਾਰੀਆਂ ਵੱਲੋਂ ਧਰਨਾ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ (ਭਟੇੜੀ ਕਲਾਂ) ਦੇ ਸੂਬਾਈ ਪ੍ਰਧਾਨ ਜੰਗ ਸਿੰਘ ਭਟੇੜੀ ਅਤੇ ਜਸਵਿੰਦਰ ਸਿੰਘ ਆਕੜ ਨੇ ਦੱਸਿਆ ਕਿ ਉਪਰੋਕਤ ਪੰਜ ਪਿੰਡਾਂ ’ਤੇ ਅਧਾਰਿਤ 11 ਮੈਂਬਰੀ ਕਮੇਟੀ ਦੇ ਮੈਂਬਰਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਮੀਟਿੰਗ ਦੌਰਾਨ ਮੰਗ ਕੀਤੀ ਗਈ ਕਿ ਉਪਰੋਕਤ ਪੰਜ ਪਿੰਡਾਂ ਸਮੇਤ ਬਾਜ਼ੀਗਰ ਬਸਤੀ ਪੱਬਰਾ ਨੂੰ ਰਿਹਾਇਸ਼ੀ ਜ਼ਮੀਨ ਬਦਲੇ ਘਰ ਬਣਾਉਣ ਲਈ ਜਗ੍ਹਾ ਦਿੱਤੀ ਜਾਵੇ, ਖੇਤ ਮਜ਼ਦੂਰਾਂ ਅਤੇ ਚਕੌਤੇਦਾਰ ਪਰਿਵਾਰਾਂ ਨੂੰ 9 ਲੱਖ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ ਅਤੇ ਬੇਜ਼ਮੀਨੇ ਲੋੜਵੰਦ ਪਰਿਵਾਰਾਂ ਨੂੰ 5-5 ਮਰਲੇ ਦੇ ਪਲਾਟ ਦਿੱਤੇ ਜਾਣ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੰਗਾਂ ਨੂੰ ਲੈ ਕੇ ਯੂਨੀਅਨ ਵੱਲੋਂ ਸੰਘਰਸ਼ ਲੜਿਆ ਜਾ ਰਿਹਾ ਸੀ। ਕਿਸਾਨ ਆਗੂਆਂ ਦੀ ਡਿਪਟੀ ਕਮਿਸ਼ਨਰ ਤੇ ਹੋਰਨਾਂ ਸਰਕਾਰੀ ਅਧਿਕਾਰੀਆਂ ਨਾਲ ਗੱਲਬਾਤ ਮਗਰੋਂ ਇਨ੍ਹਾਂ ਮੰਗਾਂ ਦੇ ਨੇਪਰੇ ਚੜ੍ਹਨ ਦੀ ਆਸ ਬੱਝ ਗਈ ਹੈ।
ਇਸ ਮੌਕੇ ਹਰਦੀਪ ਸਿੰਘ ਸੇਹਰਾ, ਮਨਦੀਪ ਸਿੰਘ ਸੇਹਰੀ, ਬੀਬੀ ਭੁਪਿੰਦਰ ਕੌਰ, ਬੀਬੀ ਸੁਨੀਤਾ ਰਾਣੀ, ਮੁਣਸ਼ੀ ਰਾਮ ਬਾਜ਼ੀਗਰ, ਅਵਤਾਰ ਸਿੰਘ ਪੱਬਰਾ ਅਤੇ ਹੋਰ ਪਤਵੰਤੇ ਮੌਜੂਦ ਸਨ।
ਬੀਡੀਪੀਓ ਨੇ ਧਰਨਾਕਾਰੀਆਂ ਨੂੰ ਸੌਂਪਿਆ ਪੱਤਰ
ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਮੀਟਿੰਗ ਤੋਂ ਬਾਅਦ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਪਟਿਆਲਾ ਵੱਲੋਂ ਮੰਗਾਂ ਵਿਚਾਰਨ ਸਬੰਧੀ ਪੱਤਰ ਪਿੰਡ ਪੱਬਰਾ, ਤਖਤੂਮਾਜਰਾ, ਸੇਹਰਾ, ਸੇਹਰੀ ਅਤੇ ਆਕੜੀ ਦੇ ਵਸਨੀਕਾਂ ਨੂੰ ਬੀਡੀਪੀਓ ਸ਼ੰਭੂ ਕਲਾਂ ਸੁਖਵਿੰਦਰ ਸਿੰਘ ਟਿਵਾਣਾ ਨੇ ਧਰਨੇ ਦੌਰਾਨ ਆ ਕੇ ਸੌਂਪਿਆ। ਉਨ੍ਹਾਂ ਨੇ ਮੀਟਿੰਗ ਦੌਰਾਨ ਰੱਖੀਆ ਮੰਗਾਂ ਤੁਰੰਤ ਨਿਯਮਾਂ ਮੁਤਾਬਕ ਕਾਰਵਾਈ ਕਰਕੇ ਕੇਸ ਸਰਕਾਰ ਨੂੰ ਭੇਜਣ ਅਤੇ ਮੰਗਾਂ ਦਾ ਜਲਦੀ ਨਿਪਟਾਰਾ ਕਰਨ ਦਾ ਭਰੋਸਾ ਦਿੱਤਾ। ਇਸ ਭਰੋਸੇ ਮਗਰੋਂ ਧਰਨਾਕਾਰੀਆਂ ਵੱਲੋਂ ਫਿਲਹਾਲ ਧਰਨਾ ਮੁਲਤਵੀ ਕਰ ਦਿੱਤਾ ਗਿਆ ਹੈ।