ਸਰਬਜੀਤ ਸਿੰਘ ਭੰਗੂ
ਪਟਿਆਲਾ, 31 ਜੁਲਾਈ
ਪਨਸਪ ਦੇ ਵਾਈਸ ਚੇਅਰਮੈਨ ਤੇ ਪਟਿਆਲਾ ਦੇ ਕਾਂਗਰਸੀ ਕੌਂਸਲਰ ਕ੍ਰਿਸ਼ਨ ਚੰਦ ਬੁੱਧੂ ਨੇ ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਕਰ ਕੇ ਜਿਥੇ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਦੇ ਕਾਂਗਰਸੀ ਵਰਕਰਾਂ ਦੀ ਪਾਰਟੀ ’ਚ ਪੁੱਛ ਨਾ ਹੋਣ ਦਾ ਮੁੱਦਾ ਉਠਾਇਆ, ਉੱਥੇ ਹੀ ਇੱਥੋਂ ਦੇ ਕਾਂਗਰਸੀ ਮੇਅਰ ਸੰਜੀਵ ਬਿੱਟੂ ’ਤੇ ਵੀ ਕਈ ਤਰ੍ਹਾਂ ਦੇ ਦੋਸ਼ ਲਾਏ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਵਿਕਾਸ ਦੇ ਨਾਂ ’ਤੇ ਮੇਅਰ ਨੇ ਬਾਗਾਂ ਦੇ ਇਸ ਸ਼ਹਿਰ ਨੂੰ ਪੱਥਰਾਂ ਦਾ ਸ਼ਹਿਰ ਬਣਾ ਕੇ ਰੱਖ ਦਿੱਤਾ ਹੈ। ਥਾਂ-ਥਾਂ ਸੜਕਾਂ ਪੁੱਟ ਕੇ ਇੰਟਰਲੌਕਿੰਗ ਟਾਈਲਾਂ ਲਾਉਣ ਦੀ ਮੁਹਿੰਮ ਦੀ ਜਾਂਚ ਦੀ ਮੰਗ ਵੀ ਕੀਤੀ। ਬੁੱਧੂ ਨੇ ਤਾਂ ਇੱਥੇ ਕਥਿਤ ਨਾਜਾਇਜ਼ ਉਸਾਰੀਆਂ ਬਣਨ ਦੀ ਗੱਲ ਕਰਦਿਆਂ ਇਹ ਵੀ ਕਿਹਾ ਕਿ ਇਸ ਬਾਰੇ ਪਤਾ ਹੋਣ ਦੇ ਬਾਵਜੂਦ ਸਾਰਿਆਂ ਨੇ ਚੁੱਪੀ ਧਾਰੀ ਹੋਈ ਹੈ।
ਹੁਣ ਪੰਜਵੀਂ ਵਾਰ ਕੌਂਸਲਰ ਚੱਲੇ ਆ ਰਹੇ ਕਿਸ੍ਰਨ ਚੰਦੁ ਬੁੱਧੂ ਆਖਦੇ ਹਨ ਕਿ ਉਹ ਭਾਵੇਂ ਕਿ ਸ਼ੁਰੂ ਤੋਂ ਹੀ ਕਾਂਗਰਸ ਪਾਰਟੀ ਨਾਲ਼ ਜੁੜਿਆ ਹੋਇਆ ਹੈ। ਪਰ ਕੁਝ ਕਾਂਗਰਸੀਆਂ ਵੱਲੋਂ ਹੀ ਉਸ ਨੂੰ ਨਜ਼ਰਅੰਦਾਜ਼ ਕੀਤੇ ਜਾਣ ਕਰ ਕੇ ਉਸ ਨੂੰ ਤਿੰਨ ਵਾਰ ਆਜ਼ਾਦ ਉਮੀਦਵਾਰ ਵਜੋਂ ਕੌਂਸਲਰ ਵਜੋਂ ਚੋਣਾਂ ਲੜਨੀਆਂ ਪਈਆਂ। ਪਰ ਲੋਕਾਂ ਦੇ ਪਿਆਰ ਸਦਕਾ ਉਹ ਤਿੰਨੋ ਵਾਰ ਜੇਤੂ ਹੋ ਕੇ ਨਿਕਲੇ। ਕ੍ਰਿਸ਼ਨ ਚੰਦ ਬੁੱਧੂ ਨੇ ਨਵਜੋਤ ਸਿੱਧੂ ਕੋਲ਼ ਇਹ ਮੰਗ ਵੀ ਰੱਖੀ ਹੈ ਕਿ ਉਹ ਕੈਪਟਨ ਸਰਕਾਰ ਦੌਰਾਨ ਪਟਿਆਲਾ ਸ਼ਹਿਰ ਵਿਚ ਹੋਏ ਸਮੁੱਚੇ ਵਿਕਾਸ ਤੇ ਸੁਧਾਰ ਕਾਰਜਾਂ ਦੀ ਨਿਰਪੱਖ ਜਾਂਚ ਜ਼ਰੂਰ ਕਰਵਾਉਣ।
ਦੂਜੇ ਬੰਨ੍ਹੇ ਮੇਅਰ ਤੇ ਉਸ ਦੇ ਖੇਮੇ ਨੇ ਸ੍ਰੀ ਬੁੱਧੂ ਵੱਲੋਂ ਲਾਏ ਦੋਸ਼ਾਂ ਨੂੰ ਨਕਾਰਦਿਆਂ, ਇਸ ਨੂੰ ‘ਆਪ’ ਵੱਲੋਂ ਆਪਣੀ ਸਿਆਸਤ ਚਮਕਾਉਣ ਲਈ ਛੱਡਿਆ ਗਿਆ ਤੀਰ ਕਰਾਰ ਦਿੱਤਾ ਹੈ। ਉਨ੍ਹਾਂ ਨਾਲ਼ ਹੀ ਆਖਿਆ ਕਿ ਗ਼ਲਤ ਬਿਆਨਬਾਜ਼ੀ ਕਰਨ ਵਾਲਿਆਂ ਖ਼ਿਲਾਫ਼ ਮਾਣਹਾਨੀ ਅਧੀਨ ਕਾਰਵਾਈ ਕੀਤੀ ਜਾਵੇਗੀ।