ਖੇਤਰੀ ਪ੍ਰਤੀਨਿਧ
ਪਟਿਆਲਾ, 3 ਨਵੰਬਰ
ਕੋਵਿਡ-19 ਦੌਰਾਨ ਜਾਨਾਂ ਗੁਆਉਣ ਵਾਲੇ ਵਿਅਕਤੀਆਂ ਦੇ ਕਾਨੂੰਨੀ ਵਾਰਿਸਾਂ ਨੂੰ ਸਰਕਾਰ ਵੱਲੋਂ 50 ਹਜ਼ਾਰ ਰੁਪਏ (ਐਕਸਗ੍ਰੇਸ਼ੀਆ) ਮੁਆਵਜ਼ਾ ਦਿੱਤਾ ਜਾਣਾ ਹੈ, ਜਿਸ ਸਬੰਧੀ ਦਸਤਾਵੇਜ਼/ਦਰਖਾਸਤ ਸਬੰਧਤ ਐੱਸਡੀਐੱਮ ਦਫ਼ਤਰਾਂ ਵਿੱਚ ਜਮ੍ਹਾਂ ਕਰਵਾਈਆਂ ਜਾ ਸਕਦੀਆਂ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਪਟਿਆਲਾ ਦੀਪ ਹੰਸ ਨੇ ਦਿੱਤੀ।
ਡੀਸੀ ਨੇ ਦੱਸਿਆ ਕਿ ਮ੍ਰਿਤਕਾਂ ਦੇ ਵਾਰਿਸਾਂ ਕੋਲੋਂ ਪ੍ਰਾਪਤ ਹੋਣ ਵਾਲੀਆਂ ਦਰਖ਼ਾਸਤਾਂ ਸਬੰਧੀ ਜ਼ਿਲ੍ਹਾ ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜੋ ਕਿ ਬਿਨੈਕਾਰਾਂ ਵੱਲੋਂ ਜਮ੍ਹਾਂ ਕਰਵਾਈਆਂ ਗਈਆਂ ਦਰਖ਼ਾਸਤਾਂ ਤੇ ਦਸਤਾਵੇਜ਼ਾਂ ਦੀ ਮੁਕੰਮਲ ਪੜਤਾਲ ਕੀਤੀ ਜਾਵੇਗੀ ਅਤੇ 30 ਦਿਨਾਂ ਦੇ ਅੰਦਰ-ਅੰਦਰ ਕਾਰਵਾਈ ਮੁਕੰਮਲ ਕਰ ਕੇ ਕਾਨੂੰਨੀ ਵਾਰਿਸਾਂ ਦੇ ਖਾਤਿਆਂ ਵਿਚ (ਐਕਸਗ੍ਰੇਸ਼ੀਆ) ਸਹਾਇਤਾ ਰਾਸ਼ੀ ਟਰਾਂਸਫ਼ਰ ਕਰਨਾ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਤਰੁੱਟੀ ਦੇ ਹੱਲ ਲਈ ਜ਼ਿਲ੍ਹੇ ’ਚ ਸ਼ਿਕਾਇਤ ਨਿਵਾਰਨ ਕਮੇਟੀ ਦਾ ਗਠਨ ਵੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਬਿਨੈਕਾਰ ਆਪਣੀ ਦਰਖ਼ਾਸਤ ਸਬੰਧਤ ਐੱਸਡੀਐੱਮ ਦਫ਼ਤਰ ਵਿੱਚ ਦੇ ਸਕਦੇ ਹਨ ਅਤੇ ਕੋਵਿਡ-19 ਕਾਰਨ ਜਾਨਾਂ ਗੁਆਉਣ ਵਾਲੇ ਵਿਅਕਤੀਆਂ ਦੀ ਮੌਤ ਦਾ ਸਰਟੀਫਿਕੇਟ ਪ੍ਰਾਪਤ ਕਰਨ ਲਈ ਸਿਵਲ ਸਰਜਨ ਪਟਿਆਲਾ ਦੇ ਦਫ਼ਤਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਲੈਣ ਲਈ ਕੋਵਿਡ-19 ਕੰਟਰੋਲ ਰੂਮ ਦੇ ਫ਼ੋਨ ਨੰਬਰ 0175-2350550 ਅਤੇ ਮੋਬਾਈਲ ਫੋਨ ਨੰਬਰ 62843-57500 ’ਤੇ ਸੰਪਰਕ ਕੀਤਾ ਜਾ ਸਕਦਾ ਹੈ।