ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 1 ਅਕਤੂਬਰ
ਇਥੇ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵੱਲੋਂ ਪੰਜਾਬ ਸਰਕਾਰ ਦੇ ‘ਮਿਸ਼ਨ ਫਤਹਿ ਤਹਿਤ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਮੂਹ ਅਧਿਆਪਕਾਂ ਅਤੇ ਸਟਾਫ਼ ਮੈਂਬਰਾਂ ਦੇ ਕੋਵਿਡ-19 ਟੈਸਟ ਕਰਵਾਉਣ ਲਈ ਇੱਕ ਰੋਜਾ ‘ਸਕਰੀਨਿੰਗ ਅਤੇ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਉਚੇਚੇ ਤੌਰ ’ਤੇ ਟੈਸਟ ਕਰਨ ਲਈ ਸਰਕਾਰੀ ਮੈਡੀਕਲ ਡਿਸਪੈਂਸਰੀ, ਮਾਡਲ ਟਾਊਨ, ਪਟਿਆਲਾ ਦੀ ਟੀਮ ਨੇ ਸ਼ਿਰਕਤ ਕੀਤੀ ਜਿਸ ਦੀ ਅਗਵਾਈ ਡਾ. ਅਨੁਪਮਪ੍ਰੀਤ ਨੇ ਕੀਤੀ।
ਕਾਲਜ ਪ੍ਰਿੰਸੀਪਲ ਡਾ. ਖੁਸ਼ਿਵੰਦਰ ਕੁਮਾਰ ਨੇ ਕਿਹਾ ਕਿ ਇਸ ਸਕਰੀਨਿੰਗ ਟੈਸਟ ਦੀ ਬਿਮਾਰੀ ਦੀ ਰੋਕਥਾਮ ਵਿੱਚ ਬਹੁਤ ਮਹਤੱਤਾ ਹੈ ਅਤੇ ਸਾਨੂੰ ਵਿਗਿਆਨਕ ਤੇ ਮੈਡੀਕਲ ਸਾਇੰਸ ਵੱਲੋਂ ਦਿੱਤੀ ਜਾਂਦੀ ਅਗਵਾਈ ਤੇ ਭਰੋਸਾ ਰੱਖਣਾ ਚਾਹੀਦਾ ਹੈ। ਇਸ ਮੌਕੇ 132 ਕੋਵਿਡ-ਸੈਂਪਲ ਲਏ ਗਏ ਅਤੇ ਸਾਰਿਆਂ ਦਾ ਨਤੀਜਾ ਨੈਗੇਟਿਵ ਪਾਇਆ ਗਿਆ। ਇਸ ਕੈਂਪ ਦੌਰਾਨ ਮੈਡੀਕਲ ਟੀਮ ਵੱਲੋਂ ਅਧਿਆਪਕਾਂ ਨੂੰ ਪਬਲਿਕ ਥਾਵਾਂ ’ਤੇ ਢੁੱਕਵੀਂ ਦੂਰੀ ਬਣਾਈ ਰੱਖਣ, ਵਧੀਆ ਤੇ ਪ੍ਰਭਾਵੀ ਮਾਸਕਾਂ ਦਾ ਇਸਤੇਮਾਲ ਕਰਨ ਅਤੇ ਇਸ ਬਿਮਾਰੀ ਦੇ ਲੱਛਣ ਦਿਖਾਈ ਦੇਣ ਦੀ ਸੂਰਤ ਵਿੱਚ ਸਿਹਤ-ਸਹੂਲਤਾਂ ਲਈ ਕਿੱਥੋਂ ਜਾਣਕਾਰੀ ਲਈ ਜਾ ਸਕਦੀ ਹੈ, ਇਹਨਾਂ ਨੁਕਤਿਆਂ ਬਾਰੇ ਜਾਗਰੂਕ ਕੀਤਾ ਗਿਆ। ਇਸ ਤੋਂ ਬਿਨਾਂ ਉਹਨਾਂ ਨੂੰ ਵੱਖ-ਵੱਖ ਸਕਰੀਨਿੰਗ ਸੈਂਟਰਾਂ ਅਤੇ ਆਨਲਾਈਨ ਸਹਾਇਤਾ ਕੇਂਦਰਾਂ ਬਾਰੇ ਵੀ ਦੱਸਿਆ ਗਿਆ।