ਰਵੇਲ ਸਿੰਘ ਭਿੰਡਰ
ਪਟਿਆਲਾ, 12 ਅਗਸਤ
ਆਲ ਇੰਡੀਆ ਪੰਜਾਬ ਨੈਸ਼ਨਲ ਬੈਂਕ ਅਫਸਰ ਐਸੋਸੀਏਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਕੋਈ ਵੀ ਗਾਹਕ ਬੈਂਕ ਵਿਚ ਆ ਕੇ ਵੀਡੀਓਗ੍ਰਾਫੀ ਕਰਦਾ ਹੈ ਜਾਂ ਸਟਾਫ ਨਾਲ ਬਦਸਲੂਕੀ ਕਰਦਾ ਹੈ ਤਾਂ ਉਸ ਖ਼ਿਲਾਫ਼ ਫ਼ੌਜਦਾਰੀ ਮਾਮਲਾ ਦਰਜ ਹੋ ਸਕਦਾ ਹੈ।
ਪਟਿਆਲਾ ਮੀਡੀਆ ਕਲੱਬ ਵਿੱਚ ਪ੍ਰੈੱਸ ਕਾਨਫਰੰਸ ਮੌਕੇ ਐਸੋਸੀਏਸ਼ਨ ਦੇ ਪੰਜਾਬ ਦੇ ਸਹਾਇਕ ਜਨਰਲ ਸਕੱਤਰ ਸਤੀਸ਼ ਕੁਮਾਰ ਅਤੇ ਪਟਿਆਲਾ ਸਰਕਲ ਦੇ ਪ੍ਰਧਾਨ ਮਹੇਸ਼ ਕੁਮਾਰ ਨੇ ਦੱਸਿਆ ਕਿ ਪਿਛਲੇ ਦਿਨੀਂ ਕੁਝ ਗਾਹਕਾਂ ਵੱਲੋਂ ਬੈਂਕ ਦੇ ਅੰਦਰ ਆਪਣੇ ਮੋਬਾਈਲ ਫੋਨਾਂ ਰਾਹੀਂ ਵੀਡੀਓਗ੍ਰਾਫ਼ੀ ਕਰਨ ਦੀ ਗੱਲ ਸਾਹਮਣੇ ਆਈ ਹੈ, ਜੋ ਕਿ ਕਥਿਤ ਕਾਨੂੰਨੀ ਅਪਰਾਧ ਹੈ। ਉਨ੍ਹਾਂ ਕਿਹਾ ਕਿ ਜੇਕਰ ਜੇਕਰ ਅਜਿਹੇ ਗਾਹਕ, ਜੋ ਕਿ ਇਸ ਤਰੀਕੇ ਵੀਡੀਓਗ੍ਰਾਫੀ ਕਰਨ ਜਾਂ ਫਿਰ ਤਸਵੀਰਾਂ ਖਿੱਚਣ ਦੀ ਕਾਰਵਾਈ ’ਚ ਸ਼ਾਮਲ ਹੋਣਗੇ, ਤਾਂ ਉਨ੍ਹਾਂ ਖ਼ਿਲਾਫ਼ ਧਾਰਾ 332 ਅਤੇ 352 ਆਈਪੀਸੀ ਤਹਿਤ ਫੌਜਦਾਰੀ ਮੁਕੱਦਮੇ ਦਰਜ ਹੋ ਸਕਦੇ ਹਨ।
ਸ੍ਰੀ ਸਤੀਸ਼ ਕੁਮਾਰ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਜਦੋਂ ਅਜਿਹੇ ਗਾਹਕਾਂ ਨੂੰ ਰੋਕਿਆ ਜਾਂਦਾ ਹੈ ਤਾਂ ਉਹ ਸਟਾਫ ਨਾਲ ਬਦਸਲੂਕੀ ਕਰਦੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਦਿਨਾਂ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਅਜਿਹੀ ਵੀਡੀਓਗ੍ਰਾਫੀ ਜਾਂ ਤਸਵੀਰਾਂ ਖਿੱਚਣਾ ਹੀ ਕਈ ਕੇਸਾਂ ਵਿੱਚ ਲੁੱਟ ਦਾ ਕਾਰਨ ਬਣੇ ਹਨ।
ਆਗੂਆਂ ਨੇ ਕਿਹਾ ਕਿ ਕਰੋਨਾ ਮਹਾਮਾਰੀ ਦੇ ਦੌਰ ਵਿਚ ਬੈਂਕ ਸਟਾਫ ਸਰਕਾਰ ਵੱਲੋਂ ਤੈਅ ਨਿਯਮਾਂ ਅਨੁਸਾਰ ਸਿਰਫ ਸੀਮਤ ਸਟਾਫ ਨਾਲ ਗਾਹਕਾਂ ਦੀ ਸੇਵਾ ਕਰ ਰਹੇ ਹਨ ਜਦਕਿ ਗਾਹਕਾਂ ਦੀ ਗਿਣਤੀ ਪਹਿਲਾਂ ਵਾਂਗ ਹੀ ਬਹੁਤ ਜ਼ਿਆਦਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਕਿਸੇ ਕਿਸੇ ਬੈਂਕ ਵਿਚ ਤਾਂ ਸਟਾਫ ਸਿਰਫ 10 ਫੀਸਦੀ ਹੀ ਹੁੰਦਾ ਹੈ ਜਦਕਿ ਗਾਹਕ ਆਮ ਵਾਂਗ ਹੁੰਦੇ ਹਨ ਅਜਿਹੇ ਵਿਚ ਸੇਵਾਵਾਂ ਦੇਣ ਵਿਚ ਕੁਝ ਸਮੇਂ ਦੀ ਦੇਰੀ ਹੋਣ ’ਤੇ ਗਾਹਕ ਰੌਲਾ ਪਾ ਲੈਂਦੇ ਹਨ ਤੇ ਬਦਸਲੂਕੀ ਕਰਦੇ ਹਨ ਜੋ ਬਿਲਕੁਲ ਗਲਤ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸੰਕਟ ਸਮੇਂ ਦੌਰਾਨ ਬੈਂਕ ਮੁਲਾਜ਼ਮਾਂ ਨਾਲ ਸਹਿਯੋਗ ਅਤੇ ਕਿਸੇ ਵੀ ਗ਼ੈਰਕਾਨੂੰਨੀ ਗਤੀਵਿਧੀ ’ਚ ਸ਼ਾਮਲ ਹੋਣ ਤੋਂ ਗੁਰੇਜ਼ ਕੀਤਾ ਜਾਵੇ।