ਖੇਤਰੀ ਪ੍ਰਤੀਨਿਧ
ਸਨੌਰ, 18 ਨਵੰਬਰ
ਪਿੰਡ ਕੌਲੀ ਸਥਿਤ ਜਸਦੇਵ ਪਬਲਿਕ ਸਕੂਲ ਵਿੱਚ ਸੰਸਥਾ ਦੇ ਚੇਅਰਮੈਨ ਤੇਜਿੰਦਰਪਾਲ ਸੰਧੂ ਅਤੇ ਸਕੱਤਰ ਅਨੂਪਿੰਦਰ ਕੌਰ ਸੰਧੂ ਦੀ ਅਗਵਾਈ ਹੇਠ ਕਰਵਾਏ ਗਏ ਸਾਲਾਨਾ ਸੱਭਿਆਚਾਰਕ ਸਮਾਗਮ ‘ਚ ਡਾਈਟ ਨਾਭਾ ਤੋਂ ਪ੍ਰਿੰਸੀਪਲ ਸੰਦੀਪ ਨਾਗਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਵਿਦਿਆਰਥੀਆਂ ਵਲੋਂ ਸੱਭਿਆਚਾਰਕ ਵੰਨਗੀਆਂ ਪੇਸ਼ ਕੀਤੀਆਂ ਗਈਆਂ। ਸਮਾਗਮ ਦੀ ਸ਼ੁਰੂਆਤ ਸ਼ਬਦ ਗਾਇਨ ਨਾਲ ਹੋਈ। ਵੈਸਟਰਨ ਡਾਂਸ ਦੀ ਪੇਸ਼ਕਾਰੀ ਸਮੇਤ ਹੋਰ ਵੰਨਗੀਆਂ ਵੀ ਹੋਈਆਂ, ਪਰ ਗਿੱਧੇ ਅਤੇ ਭੰਗੜੇ ਨੇ ਸਾਰਿਆਂ ਨੂੰ ਝੂਮਣ ਲਾ ਦਿੱਤਾ। ਮੁੱਖ ਮਹਿਮਾਨ ਸੰਦੀਪ ਨਾਗਰ ਨੇ ਕਿਹਾ ਕਿ ਸਟੇਜ ‘ਤੇ ਪੇਸ਼ਕਾਰੀ ਨਾਲ ਵਿਦਿਆਰਥੀਆਂ ਵਿੱਚ ਆਤਮ ਵਿਸ਼ਵਾਸ ਵੱਧਦਾ ਹੈ। ਸਕੂਲ ਪ੍ਰਿੰਸੀਪਲ ਚਰਨਜੀਤ ਕੌਰ ਨੇ ਸਾਲਾਨਾ ਰਿਪੋਰਟ ਪੇਸ਼ ਕੀਤੀ। ਚੇਅਰਮੈਨ ਤੇਜਿੰਦਰਪਾਲ ਸੰਧੂ ਨੇ ਆਖਿਆ ਕਿ ਉਨ੍ਹਾਂ ਵਲੋਂ ਆਪਣੀਆਂ ਵਿੱਦਿਅਕ ਸੰਸਥਾਵਾਂ ‘ਚ ਅਜਿਹੇ ਸਮਾਗਮ ਸਮੇਂ ਸਮੇਂ ‘ਤੇ ਕਰਵਾਏ ਜਾਂਦੇ ਹਨ ਤਾਂ ਜੋ ਵਿਦਿਆਰਥੀਆਂ ਅੰਦਰ ਛੁਪੀ ਪ੍ਰਤਿਭਾ ਨੂੰ ਉਜਾਗਰ ਕੀਤਾ ਜਾ ਸਕੇ। ਇਸ ਦੌਰਾਨ ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਸਮਾਗਮ ਵਿੱਚ ਅਧਿਆਪਕ ਕੀਰਤੀ ਸ਼ਰਮਾ, ਅਮਨਦੀਪ ਕੌਰ, ਕਾਲਜ ਦੇ ਪ੍ਰਿੰਸੀਪਲ ਡਾ. ਮੰਜੂ ਸੂਦ, ਵਾਈਸ ਪ੍ਰਿੰਸੀਪਲ ਚਰਨਜੀਤ ਸਿੰਘ ਸੋਹੀ ਅਤੇ ਪੁਸ਼ਪਿੰਦਰ ਸਿੰਘ ਮਿੱਕੀ ਤੋਂ ਇਲਾਵਾ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ।