ਗੁਰਨਾਮ ਸਿੰਘ ਅਕੀਦਾ
ਪਟਿਆਲਾ, 2 ਅਕਤੂਬਰ
ਪੰਜਾਬ ਦੀਆਂ ਲੁਪਤ ਹੋ ਰਹੀਆਂ ਲੋਕ ਕਲਾਵਾਂ ਦੀ ਸਾਂਭ ਸੰਭਾਲ ਲਈ ਵਚਨਬੱਧ ਉੱਤਰੀ ਖੇਤਰ ਸੱਭਿਆਚਾਰਕ ਕੇਂਦਰ ਪਟਿਆਲਾ ਵੱਲੋਂ ਲੋਕ ਵਿਰਾਸਤ ਨਾਂ ਹੇਠ ਇੱਕ ਰੋਜ਼ਾ ਸੱਭਿਆਚਾਰਕ ਮੇਲਾ ਵਿਰਸਾ ਵਿਹਾਰ ਕੇਂਦਰ ਦੇ ਕਾਲੀਦਾਸ ਆਡੀਟੋਰੀਅਮ ਵਿੱਚ ਕਰਵਾਇਆ ਗਿਆ। ਇਸ ਮੇਲੇ ਵਿੱਚ 14 ਲੋਕ ਕਲਾਵਾਂ ਦੇ ਵੱਖ-ਵੱਖ ਵੰਨਗੀਆਂ ਵਿੱਚ 150 ਤੋਂ ਵੱਧ ਕਲਾਕਾਰਾਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਮੇਲੇ ਦਾ ਉਦਘਾਟਨ ਪ੍ਰਸਿੱਧ ਥੀਏਟਰ ਤੇ ਫ਼ਿਲਮੀ ਕਲਾਕਾਰ ਸੁਨੀਤਾ ਧੀਰ ਵੱਲੋਂ ਕੀਤਾ ਗਿਆ ਜਿਸ ਵਿੱਚ ਵੱਖ-ਵੱਖ ਕਲਾਕਾਰਾਂ ਨੇ ਵੱਖ-ਵੱਖ ਕਲਾਵਾਂ ਜਿਵੇਂ ਝੂਮਰ, ਲੂਡੀ, ਭੰਗੜਾ ਫੁਲਕਾਰੀ, ਦਰੀਆਂ ਬੁਣਨਾ ਅਤੇ ਇਸ ਤੋਂ ਇਲਾਵਾ ਨਕਲਾਂ, ਲੋਕ ਥੀਏਟਰ ਦੀਆਂ ਵੰਨਗੀਆਂ ਪੇਸ਼ ਕੀਤੀਆਂ। ਇਸ ਤੋਂ ਇਲਾਵਾ ਤੂੰਬੀ ਅਲਗੋਜ਼ਾ, ਢੋਲ, ਢੋਲਕੀ ਅਤੇ ਬੁਗਦੂ ਵਰਗੀਆਂ ਕਲਾ ਦੀਆਂ ਪੇਸ਼ਕਾਰੀਆਂ ਵੀ ਕੀਤੀਆਂ ਗਈਆਂ। ਇਸ ਮੌਕੇ ਵੱਡੀ ਗਿਣਤੀ ਪੁੱਜੇ ਦਰਸ਼ਕਾਂ ਨੇ ਮੇਲੇ ਦਾ ਆਨੰਦ ਮਾਣਿਆ।
ਇਸ ਮੌਕੇ ਨੈਸ਼ਨਲ ਇੰਸਟੀਚਿਊਟ ਆਫ਼ ਫ਼ੈਸ਼ਨ ਡਿਜ਼ਾਈਨਿੰਗ ਪੰਚਕੂਲਾ ਤੋਂ ਵਿਸ਼ੇਸ਼ ਤੌਰ ’ਤੇ ਪ੍ਰੋਫੈਸਰ ਡਾਕਟਰ ਰਾਖੀ ਵਾਹੀ ਪ੍ਰਤਾਪ ਨੇ ਫੁਲਕਾਰੀ ਬਾਰੇ ਵਿਸ਼ੇਸ਼ ਇੱਕ ਭਾਸ਼ਣ ਦਿੱਤਾ। ਉੱਤਰੀ ਖੇਤਰ ਸਭਿਆਚਾਰਕ ਕੇਂਦਰ ਦੇ ਡਾਇਰੈਕਟਰ ਜਨਾਬ ਐੱਮ.ਫੁਰਖਾਨ ਖ਼ਾਨ ਨੇ ਸਮਾਗਮ ਦੇ ਅੰਤ ਵਿੱਚ ਕਲਾ ਦੇ ਗੁਰੂਆਂ ਅਤੇ ਉਨ੍ਹਾਂ ਦੇ ਸਾਰੇ ਚੇਲਿਆਂ ਸਮੇਤ ਸਮੂਹ ਕਲਾਕਾਰਾਂ ਨੂੰ ਵਧਾਈ ਦਿੱਤੀ। ਇਸ ਮੌਕੇ ਮੰਚ ਸੰਚਾਲਨ ਦੀ ਕਾਰਵਾਈ ਸਟੇਜ ਸਕੱਤਰ ਸੰਜੀਵ ਸ਼ਾਦ ਨੇ ਆਪਣੀ ਸ਼ਾਇਰੀ ਦੇ ਨਾਲ ਬਾਖ਼ੂਬੀ ਨਿਭਾਈ।