ਬੋਲੀ ਨੂੰ ਡੰਮੀ ਕਰਾਰ ਦਿੰਦਿਆਂ ਰੱਦ ਕਰਨ ਦੀ ਮੰਗ ਕੀਤੀ; ਪੱਕਾ ਮੋਰਚਾ ਲਾਉਣ ਦੀ ਚਿਤਾਵਨੀ
ਗੁਰਦੀਪ ਸਿੰਘ ਲਾਲੀ
ਸੰਗਰੂਰ, 9 ਸਤੰਬਰ
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਪਿੰਡ ਬਖਸ਼ੀਵਾਲਾ ਦੇ ਦਲਿਤ ਵਰਗ ਦੇ ਲੋਕਾਂ ਵਲੋਂ ਰਾਖਵੇਂ ਕੋਟੇ ਦੀ ਪੰਚਾਇਤੀ ਜ਼ਮੀਨ ਦੀ ਕਥਿਤ ਡੰਮੀ ਬੋਲੀ ਖ਼ਿਲਾਫ਼ ਇਥੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਦਫ਼ਤਰ ਅੱਗੇ ਰੋਸ ਮੁਜ਼ਾਹਰਾ ਕੀਤਾ ਗਿਆ ਅਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਦਲਿਤ ਵਰਗ ਨੂੰ ਜ਼ਮੀਨੀ ਹੱਕ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ ਜਿਸ ਕਾਰਨ ਦਲਿਤ ਪਰਿਵਾਰਾਂ ਵਿਚ ਭਾਰੀ ਰੋਸ ਹੈ।
ਇਸ ਮੌਕੇ ਸੰਬੋਧਨ ਕਰਦਿਆਂ ਸੰਘਰਸ਼ ਕਮੇਟੀ ਦੇ ਆਗੂਆਂ ਭੀਮ ਸਿੰਘ ਅਤੇ ਮਿੱਠੂ ਸਿੰਘ ਨੇ ਕਿਹਾ ਕਿ ਪਿੰਡ ਦਾ ਦਲਿਤ ਭਾਈਚਾਰਾ ਸਾਂਝੀ ਖੇਤੀ ਲਈ ਜ਼ਮੀਨ ਲੈਣਾ ਚਾਹੁੰਦਾ ਹੈ ਪਰੰਤੂ ਪਿੰਡ ਦੇ ਕੁੱਝ ਵਿਅਕਤੀ ਇਸ ਜ਼ਮੀਨ ਨੂੰ ਜਨਰਲ ਵਰਗ ਦੇ ਲੋਕਾਂ ਨੂੰ ਦੇਣਾ ਚਾਹੁੰਦੇ ਹਨ। ਉਨ੍ਹਾਂ ਦੱਸਿਆ ਕਿ ਅੱਜ ਬੀਡੀਪੀਓ ਸੁਨਾਮ ਦੀ ਹਾਜ਼ਰੀ ਵਿਚ ਬੋਲੀ ਹੋਈ ਜਿਥੇ ਸਾਂਝੀ ਖੇਤੀ ਲਈ ਦਲਿਤ ਭਾਈਚਾਰਾ ਜ਼ਮੀਨ ਲੈਣ ਲਈ ਪੁੱਜਿਆ ਸੀ ਪਰੰਤੂ ਬੋਲੀ ਦੇਣ ਦੇ ਬਾਵਜੂਦ ਦਲਿਤਾਂ ਦੀ ਕੋਈ ਸੁਣਵਾਈ ਨਹੀਂ ਹੋਈ ਅਤੇ ਇੱਕ ਵਿਅਕਤੀ ਦੇ ਨਾਮ ’ਤੇ ਬੋਲੀ ਦੇ ਦਿੱਤੀ ਗਈ। ਉਨ੍ਹਾਂ ਦੋਸ਼ ਲਾਇਆ ਕਿ ਇਹ ਡੰਮੀ ਬੋਲੀ ਹੈ ਜੋ ਕਿ ਦਲਿਤਾਂ ਨੂੰ ਜ਼ਮੀਨ ਤੋਂ ਵਾਂਝਾ ਰੱਖਣ ਲਈ ਪਹਿਲਾਂ ਹੀ ਤੈਅ ਕਰ ਲਈ ਗਈ ਸੀੇ। ਉਨ੍ਹਾਂ ਕਿਹਾ ਕਿ ਡੰਮੀ ਬੋਲੀ ਨੂੰ ਦਲਿਤ ਵਰਗ ਦੇ ਲੋਕ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਬੋਲੀ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਅਤੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਬੋਲੀ ਰੱਦ ਨਾ ਕੀਤੀ ਤਾਂ ਆਉਣ ਵਾਲੇ ਦਿਨਾਂ ਵਿਚ ਜ਼ਮੀਨ ਵਿਖੇ ਪੱਕਾ ਮੋਰਚਾ ਲਗਾਇਆ ਜਾਵੇਗਾ। ਇਸ ਮੌਕੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਪਲਵਿੰਦਰ ਸਿੰਘ, ਗੁਰਤੇਜ ਸਿੰਘ , ਚਰਨਜੀਤ ਕੌਰ , ਕੁਲਵਿੰਦਰ ਕੌਰ, ਪ੍ਰਧਾਨ ਕੌਰ ਆਦਿ ਹਾਜ਼ਰ ਸਨ।
ਸੰਗਰੂਰ ’ਚ ਡੀਡੀਪੀਓ ਦਫ਼ਤਰ ਅੱਗੇ ਪੰਚਾਇਤੀ ਜ਼ਮੀਨ ਦੀ ਬੋਲੀ ਖ਼ਿਲਾਫ਼ ਮੁਜ਼ਾਹਰਾ ਕਰਦੇ ਹੋਏ ਬਖ਼ਸ਼ੀਵਾਲਾ ਦੇ ਲੋਕ।