ਪੱਤਰ ਪ੍ਰੇਰਕ
ਪਟਿਆਲਾ, 24 ਜੁਲਾਈ
ਉੱਘੇ ਦਸਤਾਵੇਜ਼ੀ ਫਿਲਮ ਨਿਰਮਾਤਾ ਅਤੇ ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ ਪਟਿਆਲਾ ਦੇ ਡਾਇਰੈਕਟਰ ਦਲਜੀਤ ਅਮੀ ਨੂੰ ‘ਪ੍ਰਕਿਰਤੀ ਫਿਲਮ ਫੈਸਟੀਵਲ’ ਲਈ ਜੱਜ ਮੈਂਬਰ ਵਜੋਂ ਨਾਮਜ਼ਦ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਯੂਨੀਵਰਸਿਟੀ ਗਰਾਂਟਸ ਕਮਿਸ਼ਨ (ਯੂਜੀਸੀ) ਅਤੇ ਕਨਸੋਰਸ਼ੀਅਮ ਫਾਰ ਐਜੂਕੇਸ਼ਨਲ ਕਮਿਊਨੀਕੇਸ਼ਨ (ਸੀਈਸੀ) ਨਵੀਂ ਦਿੱਲੀ ਵੱਲੋਂ ਇਹ ਫੈਸਟੀਵਲ ਹਰ ਸਾਲ ਦੇਸ਼ ਭਰ ਵਿੱਚ ਵੱਖ-ਵੱਖ ਸਥਾਨਾਂ ’ਤੇ ਕਰਵਾਇਆ ਜਾਂਦਾ ਹੈ। ਦੱਖਣ-ਪੂਰਬੀ ਏਸ਼ਿਆਈ ਖਿੱਤੇ ’ਤੇ ਕੇਂਦਰਿਤ ਇਸ ਲੜੀ ਦਾ 15ਵਾਂ ਫੈਸਟੀਵਲ ਹਾਲ ਹੀ ਵਿੱਚ ਗੁਜਰਾਤ ਦੇ ਅਹਿਮਦਾਬਾਦ ਵਿੱਚ ਕਰਵਾਇਆ ਗਿਆ ਸੀ। ਦਲਜੀਤ ਅਮੀ ਦੀ ਨਾਮਜ਼ਦਗੀ 16ਵੇਂ ਫ਼ੈਸਟੀਵਲ ਲਈ ਹੋਈ ਹੈ। ਜਾਣਕਾਰੀ ਅਨੁਸਾਰ 1997 ਤੋਂ ਸ਼ੁਰੂ ਹੋਏ ਇਸ ਫੈਸਟੀਵਲ ਵਿੱਚ ਚਾਰ ਵੱਖ-ਵੱਖ ਸ਼੍ਰੇਣੀਆਂ ਦੀਆਂ ਦਸਤਾਵੇਜ਼ੀ ਫਿਲਮਾਂ ਦੇ ਮੁਕਾਬਲੇ ਕਰਵਾਏ ਜਾਂਦੇ ਹਨ। ਇਨ੍ਹਾਂ ਸ਼੍ਰੇਣੀਆਂ ਵਿੱਚ ਵਾਤਾਵਰਨ, ਵਿਕਾਸ, ਮਨੁੱਖੀ ਅਧਿਕਾਰ ਅਤੇ ਸਵੱਛ ਭਾਰਤ ਦੇ ਵਿਸ਼ੇ ਸ਼ਾਮਲ ਹਨ। ਹਰੇਕ ਖੇਤਰ ਵਿੱਚ ਸਬੰਧਿਤ ਵਿਸ਼ੇ ਅਤੇ ਦਸਤਾਵੇਜ਼ੀ ਫਿਲਮ ਵਿਧਾ ਦੇ ਮਾਹਿਰਾਂ ਨੂੰ ਜਿਊਰੀ ਮੈਂਬਰ ਵਜੋਂ ਨਾਮਜ਼ਦ ਕੀਤਾ ਜਾਂਦਾ ਹੈ। ਦਲਜੀਤ ਅਮੀ ਦੀ ਨਾਮਜ਼ਦਗੀ ‘ਸਵੱਛ ਭਾਰਤ’ ਸ਼੍ਰੇਣੀ ਵਿੱਚ ਬਣਨ ਵਾਲੀਆਂ ਦਸਤਾਵੇਜ਼ੀ ਫਿਲਮਾਂ ਲਈ ਹੋਈ ਹੈ। ਦਲਜੀਤ ਅਮੀ ਨੇ ਆਪਣੀ ਨਾਮਜ਼ਦਗੀ ’ਤੇ ਖ਼ੁਸ਼ੀ ਪ੍ਰਗਟ ਕੀਤੀ ਹੈ।