ਸਰਬਜੀਤ ਸਿੰਘ ਭੰਗੂ
ਪਟਿਆਲਾ, 7 ਨਵੰਬਰ
‘ਦੀਵੇ ਥੱਲੇ ਹਨੇਰਾ’ ਵਾਲੀ ਅਖਾਣ ਆਮ ਹੀ ਸੁਣਨ ਨੂੰ ਮਿਲਦੀ ਹੈ ਪਰ ਇੱਥੇ ਇਹ ਅਖਾਣ ਅੱਜ ਸੱਚ ਹੁੰਦੀ ਦੇਖੀ ਗਈ ਜਦੋਂ ਇਕ ਪੁਲੀਸ ਥਾਣੇ ਦੇ ਨਾਲ ਲੱਗਦੇ ਮੰਦਰ ਵਿੱਚ ਚੋਰੀ ਹੋ ਗਈ।
ਮਿਲੀ ਜਾਣਕਾਰੀ ਚੋਰਾਂ ਨੇ ਥਾਣਾ ਲਾਹੌਰੀ ਗੇਟ ਦੇ ਬਿਲਕੁਲ ਨਾਲ ਲੱਗਦੇ ਪ੍ਰਾਚੀਨ ਸ਼ਿਵ ਮੰਦਰ ਵਿੱਚੋਂ ਹੀ ਚੋਰੀ ਕਰ ਲਈ। ਰੱਬ ਦੇ ਘਰ ਅਤੇ ਪੁਲੀਸ ਦੇ ਡਰ ਤੋਂ ਬੇਖ਼ੌਫ ਇਹ ਚੋਰ ਹਾਈਟੈੱਕ ਵੀ ਜਾਪੇ ਕਿਉਂਕਿ ਉਹ ਜਾਂਦੇ ਹੋਏ ਇੱਥੇ ਲੱਗੇ ਸੀਸੀਟੀਵੀ ਕੈਮਰੇ ਵਿਚਲੀ ਰਿਕਾਰਡਿੰਗ ਵੀ ਡਿਲੀਟ ਕਰ ਗਏ।
ਜ਼ਿਕਰਯੋਗ ਹੈ ਕਿ ਛੋਟੇ ਜਿਹੇ ਇਸ ਮੰਦਰ ਦਾ ਦਰਵਾਜ਼ਾ ਤਾਂ ਭਾਵੇਂ ਕਿ ਸੜਕ ਵੱਲ ਹੀ ਖੁੱਲ੍ਹਦਾ ਹੈ ਪਰ ਇਸ ਦੇ ਇੱਕ ਪਾਸੇ ਥਾਣਾ ਲਾਹੌਰੀ ਗੇਟ ਅਤੇ ਦੂਜੇ ਪਾਸੇ ਸੀਆਈਡੀ ਦਾ ਦਫ਼ਤਰ ਹੈ। ਪੁਲੀਸ ਵਿਭਾਗ ਨਾਲ ਸਬੰਧਤ ਇਨ੍ਹਾਂ ਦੋਹਾਂ ਇਮਾਰਤਾਂ ਵਿਚ ਦਿਨ-ਰਾਤ ਪੁਲੀਸ ਦੇ ਮੁਲਾਜ਼ਮ ਤਾਂ ਰਹਿੰਦੇ ਹੀ ਹਨ ਬਲਕਿ ਦੋਹਾਂ ਇਮਾਰਤਾਂ ਦੇ ਗੇਟਾਂ ’ਤੇ ਸੰਤਰੀ ਪਹਿਰਾ ਵੀ ਲੱਗਦਾ ਹੈ। ਇਸ ਮੰਦਰ ਦਾ ਪੁਜਾਰੀ ਵੀ ਪੁਲੀਸ ਦੀਆਂ ਇਨ੍ਹਾਂ ਦੋਹਾਂ ਪ੍ਰਮੁੱਖ ਸੰਸਥਾਵਾਂ ਦੇ ਆਸਰੇ ਮੰਦਰ ਨੂੰ ਛੱਡ ਕੇ ਰਾਤ ਵੇਲੇ ਆਪਣੇ ਘਰ ਚਲਾ ਜਾਂਦਾ ਹੈ। ਲੰਘੀ ਰਾਤ ਚੋਰ ਇਸ ਪ੍ਰਾਚੀਨ ਮੰਦਰ ਵਿੱਚੋਂ ਵੀ ਚੋਰੀ ਕਰਕੇ ਲੈ ਗਏ। ਪੁਜਾਰੀ ਜਦੋਂ ਸਵੇਰੇ ਮੰਦਰ ਆਇਆ, ਤਾਂ ਗੱਲਾ ਟੁੱਟਿਆ ਹੋਇਆ ਸੀ ਅਤੇ ਚੜ੍ਹਾਵੇ ਵਾਲ਼ੀ ਰਾਸ਼ੀ ਗਾਇਬ ਸੀ।
ਥਾਣਾ ਲਾਹੌਰੀ ਗੇਟ ਦੀ ਮੁਖੀ ਮਨਦੀਪ ਕੌਰ ਨੇ ਚੋਰੀ ਦੀ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਸਬੰਧੀ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।