ਖੇਤਰੀ ਪ੍ਰਤੀਨਿਧ
ਪਟਿਆਲਾ, 17 ਸਤੰਬਰ
ਡਿਪਟੀ ਕਮਿਸ਼ਨਰ -ਕਮ- ਚੇਅਰਮੈਨ ਬਾਰਾਂਦਰੀ ਮੈਨਟੀਨੈਂਸ ਕਮੇਟੀ ਸਾਕਸ਼ੀ ਸਾਹਨੀ ਨੇ ਬਾਰਾਂਦਰੀ ਬਾਗ ਦੇ ਸੁੰਦਰੀਕਰਨ ਲਈ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਹਦਾਇਤਾਂ ਕੀਤੀਆਂ ਹਨ। ਇਸ ਮੌਕੇ ਡਿਪਟੀ ਡਾਇਰੈਕਟਰ ਬਾਗਬਾਨੀ ਨਰਿੰਦਰਬੀਰ ਸਿੰਘ ਮਾਨ ਵੀ ਹਾਜ਼ਰ ਸਨ।
ਡਿਪਟੀ ਡਾਇਰੈਕਟਰ ਸਾਕਸ਼ੀ ਸਾਹਨੀ ਨੇ ਬਾਗਬਾਨੀ ਵਿਭਾਗ ਨੂੰ ਬਾਰਾਂਦਰੀ ਬਾਗ ਅੰਦਰ ਲੱਗੇ ਫੁਹਾਰਿਆਂ ਦੀ ਦੇਖਭਾਲ, ਬੂਟਿਆਂ ਦੀ ਸਿੰਚਾਈ ਲਈ ਪਾਣੀ ਦਾ ਪ੍ਰਬੰਧ ਕਰਨ ਸਮੇਤ ਸਵੈ-ਸਹਾਇਤਾ ਗਰੁੱਪਾਂ ਲਈ ਸੇਲ ਆਊਟਲੈੱਟ ਅਤੇ ਵੇਰਕਾ ਬੂਥ ਲਈ ਢੁਕਵੀਂ ਜਗ੍ਹਾ ਦੀ ਚੋਣ ਕਰਨ ਲਈ ਕਿਹਾ। ਉਨ੍ਹਾਂ ਬਾਰਾਂਦਰੀ ਵਿੱਚ ਸੁਰੱਖਿਆ ਅਤੇ ਸਾਫ਼ ਸਫ਼ਾਈ ਲਈ ਹੋਰ ਮੁਲਾਜ਼ਮ ਰੱਖਣ ਦੀ ਹਦਾਇਤ ਵੀ ਕੀਤੀ। ਉਨ੍ਹਾਂ ਜ਼ਿਲ੍ਹਾ ਖੇਡ ਅਫ਼ਸਰ ਨੂੰ ਬਾਰਾਂਦਰੀ ਬਾਗ ਦੇ ਅੰਦਰ ਬਣੇ ਜਿੰਮ ਦੀਆਂ ਮਸ਼ੀਨਾਂ ਦੀ ਵਰਤੋਂ ਕਰਨ ਦੇ ਸਹੀ ਢੰਗ ਦਰਸਾਉਂਦੇ ਡਿਸਪਲੇ ਬੋਰਡ ਲਗਾਉਣ ਲਈ ਕਿਹਾ ਤਾਂ ਜੋ ਮਸ਼ੀਨਾਂ ਦੀ ਸਹੀ ਤਰ੍ਹਾਂ ਵਰਤੋਂ ਕੀਤੀ ਜਾ ਸਕੇ। ਡਿਪਟੀ ਕਮਿਸ਼ਨਰ ਨੇ ਪੰਜਾਬ ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਬਿਜਲੀ ਨੂੰ ਬਾਰਾਂਦਰੀ ਬਾਗ ਵਿੱਚ ਲੱਗੇ ਸਾਊਂਡ ਸਿਸਟਮ ਦੀ ਰਿਪੇਅਰ ਸਬੰਧੀ ਹਦਾਇਤ ਵੀ ਕੀਤੀ ਹੈ। ਉਨ੍ਹਾਂ ਕਿਹਾ ਕਿ ਬਾਰਾਂਦਰੀ ਬਾਗ ਵਿੱਚ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਹਿਰ ਵਾਸੀ ਸੈਰ ਕਰਨ ਲਈ ਆਉਂਦੇ ਹਨ, ਇਸ ਦੌਰਾਨ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ ਢੁਕਵੇਂ ਪ੍ਰਬੰਧ ਕਰਨੇ ਜ਼ਰੂਰੀ ਹਨ। ਉਨ੍ਹਾਂ ਸਬੰਧਤ ਵਿਭਾਗਾਂ ਨੂੰ ਦੋ ਹਫ਼ਤਿਆਂ ਦੇ ਅੰਦਰ ਆਪਣੀ ਕਾਰਵਾਈ ਰਿਪੋਰਟ ਪੇਸ਼ ਕਰਨ ਦੀ ਹਦਾਇਤ ਕੀਤੀ ਹੈ।
ਮੀਟਿੰਗ ਵਿੱਚ ਬਾਗਬਾਨੀ ਵਿਕਾਸ ਅਫ਼ਸਰ ਕੁਲਵਿੰਦਰ ਸਿੰਘ, ਐਡਵੋਕੇਟ ਐਚ.ਐਨ. ਮਹਿਸਮਪੁਰੀ, ਵਿਨੋਦ ਕੁਮਾਰ, ਕਾਰਜਕਾਰੀ ਇੰਜਨੀਅਰ ਦਲਜੀਤ ਸਿੰਘ, ਐਕਸੀਅਨ ਬਾਗਬਾਨੀ ਨਗਰ ਨਿਗਮ ਦਲੀਪ ਕੁਮਾਰ ਤੇ ਐਕ.ਸੀ.ਐਨ. ਬੀ. ਐਂਡ ਆਰ ਪਿਯੂਸ਼ ਅਗਰਵਾਲ ਵੀ ਹਾਜ਼ਰ ਸਨ।