ਖੇਤਰੀ ਪ੍ਰਤੀਨਿਧ
ਪਟਿਆਲਾ, 25 ਅਪਰੈਲ
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਅੱਜ ਅਬਲੋਵਾਲ ਵਿੱਚ ਨਹਿਰੀ ਪਾਣੀ ’ਤੇ ਅਧਾਰਤ 503 ਕਰੋੜ ਰੁਪਏ ਦੇ ਪ੍ਰਾਜੈਕਟ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਨੇ ਇਸ ਪ੍ਰਾਜੈਕਟ ਦੇ ਕੰਮ ’ਚ ਤੇਜ਼ੀ ਲਿਆਉਣ ਦੀ ਹਦਾਇਤ ਕਰਦਿਆਂ, ਤਾਲਮੇਲ ਕਮੇਟੀ ਗਠਿਤ ਕੀਤੀ। ਇਸ ਮੌਕੇ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦੇ ਕਾਰਜਕਾਰੀ ਇੰਜਨੀਅਰ ਰਾਜੀਵ ਕਪੂਰ ਅਤੇ ਲਾਰਸਨ ਐਂਡ ਟੂਬਰੋ ਕੰਪਨੀ ਦੇ ਪ੍ਰਾਜੈਕਟ ਮੈਨੇਜਰ ਸੁਖਦੇਵ ਝਾਅ ਨੇ ਪ੍ਰਾਜੈਕਟ ਦੀ ਪ੍ਰਗਤੀ ਬਾਰੇ ਜਾਣਕਾਰੀ ਦਿੱਤੀ। ਮੌਕੇ ’ਤੇ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਜਸਲੀਨ ਕੌਰ ਭੁੱਲਰ ਵੀ ਮੌਜੂਦ ਸਨ। ਡਿਪਟੀ ਕਮਿਸ਼ਨਰ ਨੇ ਪ੍ਰਾਜੈਕਟ ਦੇ ਕੰਮ ਦੀ ਹਫ਼ਤਾਵਾਰੀ ਸਮੀਖਿਆ ਸਮੇਤ ਸ਼ਹਿਰ ’ਚ ਇਸ ਸਬੰਧੀ ਆਉਣ ਵਾਲ਼ੀ ਸਮੱਸਿਆ ਦੇ ਤੁਰੰਤ ਨਬਿੇੜੇ ਲਈ ਏਡੀਸੀ (ਸ਼ਹਿਰੀ ਵਿਕਾਸ) ਦੀ ਅਗਵਾਈ ਹੇਠ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ’ਤੇ ਆਧਾਰਤ ਤਾਲਮੇਲ ਕਮੇਟੀ ਦਾ ਗਠਨ ਕੀਤਾ। ਡੀਸੀ ਨੇ ਦੱਸਿਆ ਕਿ ਨਹਿਰੀ ਪਾਣੀ ’ਤੇ ਅਧਾਰਤ ਇਸ ਵਾਟਰ ਸਪਲਾਈ ਯੋਜਨਾ ਤਹਿਤ ਸ਼ੁੱਧੀਕਰਨ ਪਲਾਂਟ ਨੂੰ ਸਰਕਾਰ ਮਿੱਥੇ ਸਮੇਂ ’ਚ ਪੂਰਾ ਕਰਨ ਲਈ ਵਚਨਬੱਧ ਹੈ। ਉਨ੍ਹਾਂ ਨੇ ਜ਼ਮੀਨਦੋਜ਼ ਸਰਵਿਸ ਜਲ ਭੰਡਾਰਨ ਅਤੇ ਪਾਣੀ ਦੀਆਂ ਟੈਂਕੀਆਂ ਦੀ ਉਸਾਰੀ ਸਮੇਤ ਪਾਣੀ ਦੀ ਪੂਰਤੀ ਲਈ ਨਵੀਆਂ ਲਾਈਨਾਂ ਵਿਛਾਏ ਜਾਣ ਦੇ ਕੰਮ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਕੰਪਨੀ ਨੂੰ ਕੰਮ ਦੀ ਗੁਣਵੱਤਾ ਦਾ ਹਰ ਮਹੀਨੇ ਆਡਿਟ ਕਰਵਾਉਣ ਤੋਂ ਇਲਾਵਾ ਹਰ ਮਹੀਨੇ 30 ਕਿਲੋਮੀਟਰ ਕੰਮ ਪੂਰਾ ਕਰਨ ਸਮੇਤ ਲੋੜੀਂਦੇ ਵਿਭਾਗੀ ਇਤਰਾਜ਼ਹੀਣਤਾ ਸਰਟੀਫਿਕੇਟ ਤੁਰੰਤ ਲੈਣੇ ਯਕੀਨੀ ਬਣਾਏ ਜਾਣ ਦੀ ਹਦਾਇਤ ਵੀ ਕੀਤੀ। ਡਿਪਟੀ ਕਮਿਸ਼ਨਰ ਨੇ ਹੋਰ ਦੱਸਿਆ ਕਿ ਕੇਂਦਰ ਸਰਕਾਰ ਦੀ ਅਮਰੁਤ ਸਕੀਮ ਤਹਿਤ ਪੰਜਾਬ ਸਰਕਾਰ ਦੇ ਹਿੱਸੇ ਵਾਲੇ ਇਸ ਅਹਿਮ ਪ੍ਰਾਜੈਕਟ ਤਹਿਤ 236 ਮਿਲੀਅਨ ਲਿਟਰ ਪਾਣੀ ਨੂੰ ਸੰਭਾਲਣ ਲਈ ਜ਼ਮੀਨਦੋਜ਼ ਜਲ ਭੰਡਾਰਨ, 115 ਮਿਲੀਅਨ ਲਿਟਰ ਪ੍ਰਤੀ ਦਿਨ ਦੀ ਸਮਰੱਥਾ ਵਾਲਾ ਜਲ ਸ਼ੁੱਧੀਕਰਨ ਪਲਾਂਟ ਆਦਿ ਦਾ ਕੰਮ ਜਾਰੀ ਹੈ।