ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 11 ਮਈ
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਨਵੇਂ ਡੀਨ ਅਕਾਦਮਿਕ ਮਾਮਲੇ ਵਜੋਂ ਡਾ. ਬਲਵੀਰ ਸਿੰਘ ਸੰਧੂ ਤੇ ਡੀਨ ਵਿਦਿਆਰਥੀ ਭਲਾਈ ਵਜੋਂ ਡਾ. ਅਨੁਪਮਾ ਵੱਲੋਂ ਅੱਜ ਆਪਣੇ ਅਹੁਦੇ ਸੰਭਾਲ ਲਏ ਹਨ। ਡੀਨ ਖੋਜ ਵਜੋਂ ਨਿਯੁਕਤ ਕੀਤੇ ਗਏ ਫਾਰਮੇਸੀ ਵਿਭਾਗ ਦੇ ਪ੍ਰੋਫੈਸਰ ਡਾ. ਅਸ਼ੋਕ ਕਮਾਰ ਤਿਵਾੜੀ 10 ਜੁਲਾਈ ਨੂੰ ਅਤੇ ਡੀਨ ਕਾਲਜ ਵਿਕਾਸ ਕੌਂਸਲ ਵਜੋਂ ਤਾਇਨਾਤ ਕੀਤੇ ਗਏ ਕੰਪਿਊਟਰ ਸਾਇੰਸ ਵਿਭਾਗ ਦੇ ਸੀਨੀਅਰ ਪ੍ਰੋਫੈਸਰ ਡਾ. ਗੁਰਪ੍ਰੀਤ ਸਿੰਘ ਲਹਿਲ 1 ਜੁਲਾਈ ਨੂੰ ਆਪਣਾ ਅਹੁਦਾ ਸੰਭਾਲਣਗੇ। ਪੰਜਾਬੀ ਯੂਨੀਵਰਸਿਟੀ ਦੇ ਨਵੇਂ ਵਾਈਸ ਚਾਂਸਲਰ ਡਾ. ਅਰਵਿੰਦ ਵੱਲੋਂ ਯੂਨੀਵਰਸਿਟੀ ਦੇ ਅਹਿਮ ਅਹੁਦਿਆਂ ’ਤੇ ਨਵੀਂ ਟੀਮ ਬਣਾਉਣ ਦੀ ਕਵਾਇਦ ਤੇਜ਼ ਕਰ ਦਿੱਤੀ ਗਈ ਹੈ। ਖਾਸ ਕਰਕੇ ਡੀਨ ਅਕਾਦਮਿਕ ਮਾਮਲੇ ਵਜੋਂ ਹਾਲੇ ਥੋੜ੍ਹਾ ਚਿਰ ਪਹਿਲਾਂ ਨਿਯੁਕਤ ਹੋਏ ਡਾ. ਪੁਸ਼ਪਿੰਦਰ ਸਿੰਘ ਗਿੱਲ ਥਾਂ ਡਾ. ਬਲਬੀਰ ਸਿੰਘ ਸੰਧੂ ਨੂੰ ਦੇ ਦਿੱਤੀ ਗਈ ਹੈ।