ਰਵੇਲ ਸਿੰਘ ਭਿੰਡਰ
ਪਟਿਆਲਾ, 17 ਨਵੰਬਰ
ਪੰਜਾਬੀ ਯੂਨੀਵਰਸਿਟੀ ਦੇ ਕਾਂਸਟੀਚੂਐਂਟ ਕਾਲਜਾਂ ਦੇ ਗੈਸਟ ਫੈਕਲਟੀ ਅਧਿਆਪਕਾਂ ਵੱਲੋਂ ਆਪਣੀਆਂ ਸੇਵਾਵਾਂ 12 ਮਹੀਨੇ ਕਰਵਾਉਣ ਅਤੇ ਪਿਛਲੇ ਇਕ ਸਾਲ ਤੋਂ ਰੁਕੀਆਂ ਤਨਖਾਹਾਂ ਜਾਰੀ ਕਰਵਾਉਣ ਸਬੰਧੀ ਅਣਮਿੱਥੇ ਸਮੇਂ ਲਈ ਦਿਨ ਰਾਤ ਦਾ ਧਰਨਾ ਅੱਜ ਭਾਵੇਂ 22ਵੇਂ ਦਿਨ ਪੁੱਜ ਗਿਆ ਪਰ ਯੂਨੀਵਰਸਿਟੀ ਜਾਂ ਕਿਸੇ ਹੋਰ ਅਥਾਰਿਟੀ ਵੱਲੋਂ ਹਾਲੇ ਤਾਈਂ ਅਜਿਹੇ ਸੰਘਰਸ਼ ਦਾ ਗੰਭੀਰਤਾ ਨਾਲ ਨੋਟਿਸ ਨਹੀਂ ਲਿਆ ਗਿਆ। ਲਿਹਾਜ਼ਾ, ਸੰਘਰਸ਼ੀ ਅਧਿਆਪਕਾਂ ’ਚ ਯੂਨੀਵਰਸਿਟੀ ਅਥਾਰਿਟੀ ਪ੍ਰਤੀ ਗੁੱਸੇ ਦੀ ਲਹਿਰ ਵਧ ਰਹੀ ਹੈ ਤੇ ਅਗਲੇ ਦਿਨਾਂ ’ਚ ਸੰਘਰਸ਼ੀ ਜਥੇਬੰਦੀ ਨੇ ਦਿਨ ਰਾਤ ਦੇ ਅਣਮਿਥੇ ਸਮੇਂ ਦੇ ਰੋਸ ਧਰਨੇ ਨੂੰ ਹੋਰ ਤਿੱਖਾ ਕਰਨ ਦਾ ਫੈਸਲਾ ਲਿਆ ਹੈ।
ਧਰਨੇ ਦੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਗੈਸਟ ਫੈਕਲਟੀ ਅਧਿਆਪਕਾਂ ਦੀਆਂ ਮੰਗਾਂ ਪ੍ਰਸ਼ਾਸਨ ਵੱਲੋਂ ਅਣਸੁਣਿਆ ਕੀਤੇ ਜਾਣ ਖ਼ਿਲਾਫ਼ ਅੱਜ ਸੰਘਰਸ਼ੀ ਗੈਸਟ ਫੈਕਲਟੀ ਅਧਿਆਪਕਾਂ ਨੇ ਵਾਈਸ ਚਾਂਸਲਰ ਦਫ਼ਤਰ ਤੋਂ ਨਾਅਰੇਬਾਜ਼ੀ ਕਰਦਿਆਂ ਖਾਲੀ ਪੀਪੇ ਖੜਕਾਉਂਦਿਆਂ ਮਾਰਚ ਸ਼ੁਰੂ ਕਰਕੇ ਵਾਇਆ ਮੇਨ ਗੇਟ, ਲਾਈਬ੍ਰੇਰੀ ਹੁੰਦੇ ਹੋਏ ਡੀਨ ਅਕਾਦਮਿਕ ਦਫ਼ਤਰ ਤੱਕ ਇੱਕ ਘੰਟਾ ਪ੍ਰਦਰਸ਼ਨ ਕੀਤਾ। ਇਸ ਉਪਰੰਤ ਡੀਨ ਦਫ਼ਤਰ ਨੂੰ ਵੀ ਕੁਝ ਚਿਰ ਲਈ ਬੰਦ ਕਰ ਦਿੱਤਾ ਗਿਆ। ਅੱਜ ਗੈਸਟ ਫੈਕਲਟੀ ਯੂਨੀਅਨ ਦੇ ਵਲੋਂ ਲੜੀਵਾਰ ਭੁੱਖ ਹੜਤਾਲ਼ ਦੇ ਛੇਵੇਂ ਦਿਨ ਯੂਨੀਵਰਸਿਟੀ ਕਾਲਜ ਮੂਨਕ ਤੋਂ ਮੈਡਮ ਸੁਪ੍ਰੀਤ ਕੌਰ ਤੇ ਯੂਨੀਵਰਸਿਟੀ ਕਾਲਜ ਬਰਨਾਲਾ ਤੋਂ ਮੈਡਮ ਕਰਮਜੀਤ ਕੌਰ ਭੁੱਖ ਹੜਤਾਲ਼ ’ਤੇ ਬੈਠੇ।
ਵਾਈਸ-ਚਾਂਸਲਰ ਦਫਤਰ ਦਾ ਮੁੱਖ ਗੇਟ ਬੰਦ ਕਰਨ ਦਾ ਫੈਸਲਾ
ਉਧਰ, ਪੰਜਾਬੀ ਯੂਨੀਵਰਸਿਟੀ ਅਧਿਆਪਕ ਸੰਘ (ਪੂਟਾ) ਵੱਲੋਂ ਯੂਨੀਵਰਸਿਟੀ ਅਧਿਆਪਕਾਂ ਦੀਆਂ ਮੰਗਾਂ ਲਈ ਵਾਈਸ-ਚਾਂਸਲਰ ਦਫ਼ਤਰ ਅੱਗੇ ਸ਼ੁਰੂ ਹੋਇਆ ਸੰਘਰਸ਼ ਅੱਜ ਵੀ ਜਾਰੀ ਰਿਹਾ। ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਟਾਲਮਟੋਲ ਵਾਲਾ ਰਵੱਈਆ ਅਪਨਾਉਣ ਕਰਕੇ ਸੰਘ ਵੱਲੋਂ ਅਪਣਾ ਸੰਘਰਸ਼ ਹੋਰ ਤਿੱਖਾ ਕਰਨ ਦਾ ਫੈਸਲਾ ਕੀਤਾ ਗਿਆ। ਪੂਟਾ ਪ੍ਰਧਾਨ ਡਾ. ਨਿਸ਼ਾਨ ਸਿੰਘ ਦਿਓਲ ਤੇ ਸਕੱਤਰ ਡਾ. ਅਵਨੀਤ ਪਾਲ ਸਿੰਘ ਨੇ ਤਿੱਖੇ ਸੁਰ ’ਚ ਕਿਹਾ ਕਿ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਅਧਿਆਪਕਾਂ ਦੀਆ ਲੰਮੇ ਸਮੇਂ ਤੋਂ ਲਟਕ ਰਹੀਆਂ ਜਾਇਜ਼ ਮੰਗਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਵਾਈਸ-ਚਾਂਸਲਰ ਵੀ ਕਾਫੀ ਸਮੇਂ ਤੋਂ ਅਪਣੇ ਦਫ਼ਤਰ ਰੋਜ਼ਾਨਾ ਨਹੀਂ ਆ ਰਹੇ। ਅਜਿਹੇ ਮਾਹੌਲ ’ਚ ਯੂਨੀਵਰਸਿਟੀ ’ਚ ਇਕ ਅਜੀਬ ਕਿਸਮ ਦੀ ਬੇਚੈਨੀ ਹੈ। ਅਧਿਆਪਕਾਂ ਦੀਆਂ ਮੰਗਾਂ ਨੂੰ ਪ੍ਰਸ਼ਾਸਨ ਤੱਕ ਪਹੁੰਚਾਉਣ ਲਈ ਪੂਟਾ ਵੱਲੋਂ 18 ਨਵੰਬਰ ਨੂੰ ਸਵੇਰੇ 10 ਵਜੇ ਤੋਂ ਵਾਈਸ-ਚਾਂਸਲਰ ਦਫਤਰ ਦਾ ਮੁੱਖ ਗੇਟ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ।