ਖੇਤਰੀ ਪ੍ਰਤੀਨਿਧ
ਪਟਿਆਲਾ, 2 ਅਗਸਤ
ਪੰਜਾਬੀ ਯੂਨੀਵਰਸਿਟੀ ਦੀਆਂ ਛੇ ਵਿਦਿਆਰਥੀ ਜਥੇਬੰਦੀਆਂ (ਸੈਫ਼ੀ, ਸੀਵਾਈਐੱਸਐੱਸ, ਸੱਥ, ਏਬੀਵੀਪੀ, ਸਿੱਖ ਸਟੂਡੈਂਟ ਫੈੱਡਰੇਸ਼ਨ ਅਤੇ ਆਰਐੱਸਏ) ’ਤੇ ਆਧਾਰਤ ‘ਸਾਂਝੇ ਵਿਦਿਆਰਥੀ ਮੋਰਚੇ’ ਵੱਲੋਂ ਯੂਨੀਵਰਸਿਟੀ ਦੇ ਡੀਨ (ਵਿਦਿਆਰਥੀ ਭਲਾਈ) ਡਾ. ਅਨੂਪਮਾ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਗਿਆ ਹੈ। ਗੰਭੀਰ ਦੋਸ਼ਾਂ ਦੇ ਹਵਾਲੇ ਨਾਲ ਬਰਖ਼ਾਸਤਗੀ ਦੀ ਮੰਗ ਕਰਦਿਆਂ ਵਿਦਿਆਰਥੀ ਆਗੂਆਂ ਨੇ ਅੱਜ ਡੀਨ ਅਕਾਦਮਿਕ ਮਾਮਲੇ ਨੂੰ ਇਸ ਸਬੰਧੀ ਮੰਗ ਪੱਤਰ ਵੀ ਦਿੱਤਾ। ਸੈਫ਼ੀ ਦੇ ਇਕਾਈ ਪ੍ਰਧਾਨ ਯਾਦਵਿੰਦਰ ਸਿੰਘ ਯਾਦੂ ਨੇ ਦੱਸਿਆ ਕਿ ਇੱਕ ਅਕਤੂਬਰ 2021 ਨੂੰ ਬੁਆਏਜ ਹੋਸਟਲਾਂ ਦੀਆਂ ਕੋਆਪ੍ਰੇਟਿਵ ਮੈੱਸਾਂ ਵਿੱਚ ਵੇਰਕਾ ਕੰਪਨੀ ਦਾ ਦੁੱਧ ਬੰਦ ਕਰਕੇ ਵੱਧ ਰੇਟ ਵਾਲੇ ਕਿਸੇ ਹੋਰ ਕੰਪਨੀ ਦੇ ਦੁੱਧ ਦੀ ਖਰੀਦ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪੰਜ ਪੱਤਰ ਲਿਖਣ ਦੇ ਬਾਵਜੂਦ ਅਜਿਹੀ ਤਬਦੀਲੀ ਸਬੰਧੀ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਗਈ। ਉਨ੍ਹਾਂ ਕਥਿਤ ਰੂਪ ’ਚ ਬਿਨਾਂ ਟੈਂਡਰ ਕੱਢਿਆਂ ਕੰਟੀਨਾਂ ਦੇ ਡੀਐਸਡਬਲਿਊ ਵੱਲੋਂ ਰੇਟ ਵਧਾਉਣ ਸਮੇਤ ਕੁਝ ਹੋਰ ਮਾਮਲਿਆਂ ਬਾਰੇ ਵੀ ਮੰਗ ਪੱਤਰ ਦੇਣ ਮੌਕੇ ਅਧਿਕਾਰੀ ਨਾਲ ਚਰਚਾ ਕੀਤੀ। ਸਾਂਝੇ ਮੋਰਚੇ ਨੇ ਡੀਨ ਵਿਦਿਆਰਥੀ ਭਲਾਈ ਨੂੰ ਤੁਰੰਤ ਬਰਖ਼ਾਸਤ ਕਰ ਕੇ ਸਾਰੇ ਮਾਮਲਿਆਂ ਦੀ ਵਿਜੀਲੈਂਸ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਇੱਕ ਹਫ਼ਤੇ ਅੰਦਰ ਉਨ੍ਹਾਂ ਦੀਆਂ ਮੰਗਾਂ ’ਤੇ ਅਮਲ ਨਾ ਕੀਤਾ ਗਿਆ ਤਾਂ ਸਾਂਝੇ ਮੋਰਚੇ ਵੱਲੋਂ ਯੂਨੀਵਰਸਿਟੀ ਪ੍ਰਸ਼ਾਸਨ ਵਿਰੁੱਧ ਪੱਕਾ ਮੋਰਚਾ ਲਾਉਣ ਬਾਰੇ ਵੀ ਵਿਚਾਰ ਕੀਤੀ ਜਾਵੇਗੀ।