ਸੁਭਾਸ਼ ਚੰਦਰ
ਸਮਾਣਾ, 25 ਜੁਲਾਈ
ਭਾਖੜਾ ਨਹਿਰ ਦੀਆਂ ਪੌੜੀਆਂ ’ਤੇ ਬੈਠ ਕੇ ਪੂਜਾ-ਪਾਠ ਕਰਦੇ ਸਮੇਂ ਨਹਿਰ ਵਿੱਚ ਤਿਲਕ ਕੇ ਡਿੱਗੇ ਵਿਅਕਤੀ ਦੀ ਮੌਤ ਹੋ ਗਈ। ਗੋਤਾਖੋਰਾਂ ਵੱਲੋਂ ਤੁਰੰਤ ਕੱਢ ਲਏ ਜਾਣ ਦੇ ਬਾਵਜੂਦ ਊਸ ਨੂੰ ਬਚਾਇਆ ਨਹੀਂ ਜਾ ਸਕਿਆ। ਸੂਚਨਾ ਮਿਲਣ ’ਤੇ ਸਿਟੀ ਪੁਲੀਸ ਵੱਲੋਂ ਮ੍ਰਿਤਕ ਦੇਹ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ। ਸਿਟੀ ਪੁਲੀਸ ਦੇ ਏ.ਐੱਸ.ਆਈ. ਸੁਖਦੇਵ ਸਿੰਘ ਨੇ ਦੱਸਿਆ ਕਿ ਮ੍ਰਿਤਕ ਗੁਰਚਰਨ ਸਿੰਘ (50) ਪੁੱਤਰ ਜਗੀਰ ਸਿੰਘ ਵਾਸੀ ਸੁਨਾਮ ਦੇ ਪੁੱਤਰ ਰਵਨੀਤ ਨੇ ਪੁਲੀਸ ਨੂੰ ਦਰਜ ਕਰਵਾਏ ਬਿਆਨਾਂ ਦੇ ਅਨੁਸਾਰ ਉਸ ਦਾ ਪਿਤਾ ਦੁਪਹਿਰ ਸਮੇਂ ਸਮਾਣਾ ਸਥਿਤ ਭਾਖੜਾ ਨਹਿਰ ਦੇ ਪਟਿਆਲਾ ਵਾਲੇ ਪੁਲ ਨੇੜੇ ਪੌੜੀਆਂ ’ਤੇ ਬੈਠ ਕੇ ਪੂਜਾ-ਪਾਠ ਕਰ ਰਿਹਾ ਸੀ ਕਿ ਅਚਾਨਕ ਪੈਰ ਤਿਲਕ ਜਾਣ ਕਾਰਨ ਭਾਖੜਾ ਨਹਿਰ ਦੇ ਤੇਜ਼ ਵਹਾਅ ਪਾਣੀ ਵਿੱਚ ਡਿੱਗ ਪਿਆ। ਗੋਤਾਖੋਰਾਂ ਵੱਲੋਂ ਕੋਸ਼ਿਸ਼ ਦੇ ਬਾਅਦ ਉਸ ਨੂੰ ਤੁਰੰਤ ਬਾਹਰ ਕੱਢਿਆ ਗਿਆ ਪਰ ਉਸ ਸਮੇਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਸਿਟੀ ਪੁਲੀਸ ਨੇ ਬਿਆਨਾਂ ਦੇ ਅਧਾਰ ਤੇ ਧਾਰਾ 174 ਦੀ ਕਾਰਵਾਈ ਕਰਦੇ ਹੋਏ ਪੋਸਟਮਾਰਟਮ ਉਪਰੰਤ ਲਾਸ਼ ਪਰਿਵਾਰ ਦੇ ਹਵਾਲੇ ਕਰ ਦਿੱਤੀ।