ਸਰਬਜੀਤ ਸਿੰਘ ਭੰਗੂ
ਪਟਿਆਲਾ, 2 ਅਗਸਤ
ਇੱਥੋਂ ਨੇੜੇ ਇੱਕ ਬੀੜ ਵਿੱਚੋਂ ਲੰਘਦੀ ਸੜਕ ਤੋਂ 11 ਬਲਦਾਂ ਦੇ ਮਰੇ ਹੋਏ ਮਿਲਣ ਦੇ ਮਾਮਲੇ ਨੂੰ ਸੁਲਝਾਉਂਦਿਆਂ ਪਟਿਆਲਾ ਪੁਲੀਸ ਨੇ ਇਸ ਘਟਨਾ ਲਈ ਜ਼ਿੰਮੇਵਾਰ ਇੱਕ ਅੰਤਰਰਾਜੀ ਗਊ ਤਸਕਰ ਗਰੋਹ ਦੇ ਛੇ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਐਸ.ਐਸ.ਪੀ. ਦੀਪਕ ਪਾਰਿਕ ਨੇ ਦੱਸਿਆ ਕਿ ਗਊਵੰਸ਼ ਦੀ ਤਸਕਰੀ ਕਰਨ ਵਾਲੇ ਇਨ੍ਹਾਂ ਮੁਲਜ਼ਮਾਂ ਵੱਲੋਂ ਲਾਵਾਰਿਸ ਹਾਲਤ ’ਚ ਫਿਰਦੇ ਇਹ ਬਲਦ ਪਾਇਲ ਤੋਂ 30 ਜੁਲਾਈ ਨੂੰ ਫੜੇ ਗਏ ਸਨ ਪਰ ਰਸਤੇ ’ਚ ਕੈਂਟਰ ਖਰਾਬ ਹੋਣ ਕਰਕੇ ਕਾਫ਼ੀ ਦੇਰ ਖੜ੍ਹਾ ਰਹਿਣ ਕਰਕੇ ਬਲਦਾਂ ਦੀ ਗਰਮੀ ਕਾਰਨ ਮੌਤ ਹੋ ਗਈ ਜਿਸ ਮਗਰੋਂ 31 ਜੁਲਾਈ ਤੇ 1 ਅਗਸਤ ਦੀ ਰਾਤ ਨੂੰ ਨਾਭਾ ਨੇੜਲੇ ਇੱਕ ਬੀੜ ਵਿੱਚੋਂ ਲੰਘਦੀ ਇੱਕ ਸੜਕ ਕੈਂਟਰ ਨੂੰ ਬਿਨਾਂ ਰੋਕਿਆਂ ਹੀ ਮਰੇ ਹੋਏ ਇਹ ਬਲਦ ਬਾਹਰ ਸੁੱਟ ਦਿੱਤੇ ਗਏ।
ਉਨ੍ਹਾਂ ਦੱਸਿਆ ਇਸ ਮਗਰੋਂ ਆਈ.ਜੀ. ਮੁਖਵਿੰਦਰ ਸਿੰਘ ਛੀਨਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐਸ.ਪੀ. ਹਰਬੀਰ ਅਟਵਾਲ ਤੇ ਰਾਕੇਸ਼ ਕੁਮਾਰ, ਡੀ.ਐੱਸ.ਪੀਜ਼ ਦਵਿੰਦਰ ਅੱਤਰੀ, ਸੁਖਅੰਮ੍ਰਿਤ ਰੰਧਾਵਾ, ਦਲਜੀਤ ਵਿਰਕ ਅਤੇ ਰਾਜੇਸ ਛਿੱਬੜ ਅਤੇ ਸੀ.ਆਈ.ਏ. ਇੰਚਾਰਜ ਸ਼ਮਿੰਦਰ ਸਿੰਘ ਦੀ ਅਗਵਾਈ ਹੇਠਾਂ ਪੁਲੀਸ ਫੋਰਸ ਦੀਆਂ ਟੀਮਾਂ ਬਣਾ ਕੇ ਅਸਲੀ ਤੱਥਾਂ ਦੀ ਖੋਜ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ ਜਿਸ ਦੌਰਾਨ ਹੀ ਚੌਵੀ ਘੰੰਟਿਆਂ ’ਚ ਹੀ ਇਸ ਸੰਵੇਦਨਸ਼ੀਲ ਮਾਮਲੇ ਨੂੰ ਹੱਲ ਕਰ ਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਗਰੋਹ ਦਾ ਸਰਗਨਾ ਮੁਹੰਮਦ ਸਲੀਮ ਖੁੱਸੇਵਾਲਾ ਵਾਸੀ ਮਲੇਰਕੋਟਲਾ ਹੈ ਜਿਸ ਖ਼ਿਲਾਫ਼ ਪਸ਼ੂਆਂ ਦੀ ਤਸਕਰੀ ਸਮੇਤ ਕੁਝ ਹੋਰ ਘਟਨਾਵਾਂ ਦੇ 34 ਕੇਸ ਦਰਜ ਹਨ। ਬਾਕੀ ਮੁਲਜ਼ਮਾਂ ’ਚ ਮੁਹੰਮਦ ਦਿਲਸ਼ਾਦ ਬੁੱਟਾ ਵਾਸੀ ਮਾਲੇਰਕੋਟਲਾ, ਅਫਜਲ ਵਾਸੀ ਯੂਪੀ ਸਮਤ ਵਿਨੋਦ ਤੇ ਸੁਨੀਲ ਵਾਸੀਆਨ ਸਮਾਣਾ ਅਤੇ ਸੰਦੀਪ ਸਿੰਘ ਵਾਸੀ ਬਨਭੌਰਾ ਜ਼ਿਲ੍ਹਾ ਮਾਲੇਰਕੋਟਲਾ ਸ਼ਾਮਲ ਹਨ ਜਿਨ੍ਹਾਂ ਨੂੰ ਸੀਆਈਏ ਸਟਾਫ਼ ਪਟਿਆਲਾ ਰੱਖਿਆ ਗਿਆ ਹੈ। ਐਸਐੱਸਪੀ ਨੇ ਦੱਸਿਆ ਕਿ ਇਹ ਗਰੋਹ ਲਾਵਾਰਿਸ ਘੁੰਮਦੇ ਸਾਨ੍ਹਾਂ, ਬਲਦਾਂ ਅਤੇ ਗਊਆਂ ਨੂੰ ਫੜਕੇ ਇਨ੍ਹਾਂ ਦੀ ਗ਼ੈੈਰਕਾਨੂੰਨੀ ਤੌਰ ’ਤੇ ਦੂਸਰੇ ਰਾਜਾਂ ਵਿੱਚ ਤਸਕਰੀ ਕਰਦਾ ਹੈ।