ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 2 ਅਪਰੈਲ
ਪੰਜਾਬੀ ਸਾਹਿਤ ਸਭਾ ਪਟਿਆਲਾ ਦੇ ਸਰਗਰਮ ਮੈਂਬਰ ਅਤੇ ਪੰਜਾਬੀ ਗੀਤਕਾਰੀ ਨੂੰ ਸਭਿਆਚਾਰਕ ਦਿੱਖ ਪ੍ਰਦਾਨ ਕਰਨ ਵਾਲੇ ਗੀਤਕਾਰ ਦੀਦਾਰ ਖ਼ਾਨ ਧਬਲਾਨ ਅੱਜ ਵਫ਼ਾਤ ਪਾ ਗਏ ਹਨ। ਪੰਜਾਬ ਤੋਂ ਬਾਹਰ ਕਈ ਪ੍ਰਾਂਤਾਂ ਵਿਚ ਉਹ ਆਪਣੀ ਸ਼ਾਇਰੀ ਦਾ ਝੰਡਾ ਬੁਲੰਦ ਕਰਨ ਵਾਲਾ ਕਲਮਕਾਰ ਸੀ। ਇਸ ਦੌਰਾਨ ਸਾਹਿਤ ਅਕਾਦਮੀ ਐਵਾਰਡੀ ਅਤੇ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ਆਸ਼ਟ ਨੇ ਦੱਸਿਆ ਕਿ ਉਨ੍ਹਾਂ ਨੇ ਪੰਜਾਬੀ ਮਾਂ ਬੋਲੀ ਦੀ ਝੋਲੀ ਵਿਚ ‘ਪੌਣਾਂ ਵਿਚ ਘੁਲੇ ਗੀਤ’ ਅਤੇ ‘ਕਾਗਜ਼ਾਂ ਦੇ ਫੁੱਲ’ ਤੋਂ ਇਲਾਵਾ ਕੁਝ ਜੀਵਨੀ-ਪੁਸਤਕਾਂ ਵੀ ਪਾਈਆਂ। ਇਸ ਤੋਂ ਇਲਾਵਾ ਉਸ ਦੇ ਪ੍ਰਸਿੱਧ ਕਵੀਸ਼ਰ ਨਸੀਬ ਚੰਦ ਪਾਤੜਾਂ’ ਪੁਸਤਕ ਵਿਚ ਵੀ ਵਿਸ਼ੇਸ਼ ਭੂਮਿਕਾ ਨਿਭਾਈ। ਉਸ ਦੇ ਗੀਤਾਂ ਨੂੰ ਵੱਖ ਵੱਖ ਗਾਇਕਾਂ ਅਤੇ ਕਵੀਸ਼ਰਾਂ ਨੇ ਲੋਕ ਮੰਚਾਂ ਉਪਰ ਗਾਇਆ ਅਤੇ ਉਸ ਨੇ ਪ੍ਰਸਿੱਧੀ ਖੱਟੀ। ਦੀਦਾਰ ਖ਼ਾਨ ਧਬਲਾਨ ਦੀ ਦੇਹ ਨੂੰ ਅੱਜ ਉਸ ਦੇ ਪਿੰਡ ਧਬਲਾਨ ਵਿਖੇ ਸਪੁਰਦ-ਏ-ਖ਼ਾਕ ਕੀਤਾ ਗਿਆ। ਦੀਦਾਰ ਖ਼ਾਨ ਦੇ ਦਿਹਾਂਤ ਉਪਰ ਕਹਾਣੀਕਾਰ ਬਾਬੂ ਸਿੰਘ ਰੈਹਲ, ਦਵਿੰਦਰ ਪਟਿਆਲਵੀ, ਬਲਬੀਰ ਸਿੰਘ ਜਲਾਲਾਬਾਦੀ ਨਿਰਮਲਾ ਗਰਗ ਸ.ਸ.ਭੱਲਾ, ਕੈਪਟਨ ਚਮਕੌਰ ਸਿੰਘ ਆਦਿ ਨੇ ਵੀ ਸ਼ੋਕ ਪ੍ਰਗਟ ਕੀਤਾ।