ਹਰਵਿੰਦਰ ਕੌਰ ਨੌਹਰਾ
ਨਾਭਾ, 24 ਜੂਨ
ਖੇਤੀਬਾੜੀ ਵਿੱਚ ਵੱਧ ਰਹੇ ਮਸ਼ੀਨੀਕਰਨ ਨੇ ਪੰਜਾਬ ਦੇ ਪੇਂਡੂ ਮਜ਼ਦੂਰਾਂ ਕੋਲੋਂ ਕੰਮ ਖੋਹ ਲਿਆ ਹੈ, ਜਿਸ ਕਾਰਨ ਪੇਂਡੂ ਮਜ਼ਦੂਰਾਂ ਦੀ ਆਰਥਿਕ ਹਾਲਤ ਦਿਨੋਂ-ਦਿਨ ਪਤਲੀ ਹੁੰਦੀ ਜਾ ਰਹੀ ਹੈ। ਇਸ ਹਾਲਤ ਦੇ ਚੱਲਦਿਆਂ ਪੇਂਡੂ ਮਜ਼ਦੂਰ ਔਰਤਾਂ ਵੱਡੀ ਗਿਣਤੀ ਵਿੱਚ ਮਾਈਕਰੋ ਫਾਇਨਾਂਸ ਕੰਪਨੀਆਂ ਤੋਂ ਮੋਟੇ ਕਰਜ਼ੇ ਲੈ ਕੇ ਆਪਣੇ ਘਰ ਦੀਆਂ ਅਤੇ ਹੋਰ ਪਰਿਵਾਰਕ ਜ਼ਿੰਮੇਵਾਰੀਆਂ ਪੂਰੀਆਂ ਕਰ ਰਹੀਆਂ ਹਨ। ਇਹ ਵਿਚਾਰ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ (ਰਜਿ.) ਏਟਕ ਦੇ ਸੂਬਾਈ ਪ੍ਰਧਾਨ ਕਾਮਰੇਡ ਕਸ਼ਮੀਰ ਸਿੰਘ ਗਦਾਈਆਂ ਨੇ ਔਰਤਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਗਟਾਏ। ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਕੌਮੀ ਪੇਂਡੂ ਰੁਜ਼ਗਾਰ ਗਾਰੰਟੀ ਐਕਟ ਨੂੰ ਕੇਂਦਰ ਤੇ ਰਾਜ ਸਰਕਾਰਾਂ ਨੇ ਲਾਗੂ ਕਰਨ ਵਿੱਚ ਸੁਹਿਰਦਤਾ ਨਹੀਂ ਦਿਖਾਈ। ਇਸ ਕਾਰਨ ਔਰਤ ਨੂੰ ਮਾਈਕਰੋ ਫਾਈਨਾਂਸ ਕੰਪਨੀਆਂ ਤੋਂ ਕਈ-ਕਈ ਕਰਜ਼ੇ ਲੈ ਕੇ ਆਪਣੇ ਪਰਿਵਾਰਾਂ ਨੂੰ ਪਾਲਣ ਲਈ ਮਜਬੂਰ ਹੋਣਾ ਪਿਆ। ਲੌਕਡਾਊਨ ਦੌਰਾਨ ਕੰਮ ਨਾ ਮਿਲਣ ਕਾਰਨ ਅਜਿਹੇ ਕਰਜ਼ੇ ਨੂੰ ਮੁਆਫ਼ ਕਰਨੇ ਚਾਹੀਦੇ ਹਨ।