ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 1 ਸਤੰਬਰ
ਡੈਮੋਕਰੇਟਿਕ ਟੀਚਰਜ਼ ਫਰੰਟ (ਡੀਟੀਐੱਫ) ਪੰਜਾਬ ਨੇ ਆਲ ਇੰਡੀਆ ਸਿੱਖਿਆ ਅਧਿਕਾਰ ਮੰਚ (ਏਆਈਐੱਫਆਰਟੀਈ) ਵੱਲੋਂ ਚੇਅਰਪਰਸਨ ਪ੍ਰੋ. ਜਗਮੋਹਨ ਸਿੰਘ (ਸ਼ਹੀਦ ਭਗਤ ਸਿੰਘ ਦੇ ਭਾਣਜੇ) ਵੱਲੋਂ ਜਥੇਬੰਦੀ ਨੂੰ ਲਗਾਏ ਸੱਦੇ ਤਹਿਤ 5 ਸਤੰਬਰ ਨੂੰ ਕੌਮੀ ਅਧਿਆਪਕ ਦਿਵਸ ਮੌਕੇ ਅਧਿਆਪਕਾਂ ਵੱਲੋਂ ‘ਕੌਮੀ ਸਿੱਖਿਆ ਨੀਤੀ-2020 ਰੱਦ’ ਮੁਹਿੰਮ ਦਾ ਹਿੱਸਾ ਬਣਨ ਦਾ ਫ਼ੈਸਲਾ ਕੀਤਾ ਹੈ। ਡੀਟੀਐੱਫ ਦੇ ਸੂਬਾ ਪ੍ਰਧਾਨ ਦਵਿੰਦਰ ਸਿੰਘ ਪੂਨੀਆ ਅਤੇ ਜਨਰਲ ਸਕੱਤਰ ਜਸਵਿੰਦਰ ਸਿੰਘ ਝਬੇਲਵਾਲੀ ਨੇ ਦੱਸਿਆ ਕਿ ਪੰਜਾਬ ਭਰ ਦੇ ਅਧਿਆਪਕਾਂ ਵੱਲੋਂ 5 ਸਤੰਬਰ ਵਾਲੇ ਦਿਨ ਚਾਰਟ/ਤਖ਼ਤੀਆਂ ਰਾਹੀਂ ਰਾਸ਼ਟਰੀ ਸਿੱਖਿਆ ਨੀਤੀ-2020 ਨੂੰ ਰੱਦ ਕਰਨ ਦੀ ਮੰਗ ਕੀਤੀ ਜਾਵੇਗੀ।
ਆਗੂਆਂ ਨੇ ਦੱਸਿਆ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਜਾਰੀ ਰਾਸ਼ਟਰੀ ਸਿੱਖਿਆ ਨੀਤੀ-2020 ਦੇਸ਼ ਦੇ ਲੋਕਾਂ ਨੂੰ ਹਰੇਕ ਪੱਖੋਂ ਨਪੀੜਨ ਵਾਲੇ ਫ਼ੈਸਲਿਆਂ ਨਾਲ ਭਰਪੂਰ ਦਸਤਾਵੇਜ਼ ਹੈ। ਇਸ ਮੌਕੇ ਸੂਬਾ ਸੀਨੀਅਰ ਮੀਤ ਪ੍ਰਧਾਨ ਵਿਕਰਮ ਦੇਵ ਸਿੰਘ, ਵਿੱਤ ਸਕੱਤਰ ਅਸ਼ਵਨੀ ਅਵਸਥੀ, ਮੀਤ ਪ੍ਰਧਾਨ ਗੁਰਮੀਤ ਸੁੱਖਪੁਰ, ਓਮ ਪ੍ਰਕਾਸ਼, ਰਾਜੀਵ ਕੁਮਾਰ ਅਤੇ ਜਗਪਾਲ ਬੰਗੀ ਨੇ ਵੀ ਸੰਬੋਧਨ ਕੀਤਾ।