ਸਰਬਜੀਤ ਸਿੰਘ ਭੰਗੂ
ਪਟਿਆਲਾ, 31 ਅਗਸਤ
ਡਿਵੀਜ਼ਨ ਪਟਿਆਲਾ ਦੇ ਕਮਿਸ਼ਨਰ ਚੰਦਰ ਗੇਂਦ ਨੇ 15 ਸਿਰਮੌਰ ਪੰਜਾਬੀ ਕਹਾਣੀਕਾਰਾਂ ਦੀਆਂ ਚੋਣਵੀਂਆਂ ਕਹਾਣੀਆਂ ਦੇ ਗੁਰਮੁਖੀ ਅਤੇ ਸ਼ਾਹਮੁਖੀ ਦੇ ਸਾਂਝੇ ਕਹਾਣੀ ਸੰਗ੍ਰਹਿ ‘ਸੱਥ ਜੁਗਨੂੰਆਂ ਦੀ’ ਪੁਸਤਕ ਲੋਕ-ਅਰਪਣ ਕੀਤੀ। ਉਨ੍ਹਾਂ ਕਿਹਾ ਕਿ ਮਾਂ-ਬੋਲੀ ਪੰਜਾਬੀ ਦਾ ਇਹ ਦੋ ਲਿਪੀ ਕਹਾਣੀ ਸੰਗ੍ਰਹਿ ਪਾਠਕਾਂ ਤੇ ਵਿਦਵਾਨਾਂ ਦੇ ਸੁਹਜ ਦੀ ਤ੍ਰਿਪਤੀ ਕਰੇਗਾ, ਉੱਥੇ ਪੂਰਬੀ ਤੇ ਪੱਛਮੀ ਪੰਜਾਬ ਵਿਚਕਾਰ ਭਾਈਚਾਰਕ ਸਾਂਝ ਦੇ ਪੁਲ਼ ਨੂੰ ਹੋਰ ਵੀ ਮਜ਼ਬੂਤ ਕਰੇਗਾ।
ਇਸ ਤੋਂ ਪਹਿਲਾਂ ਲਿਪੀਅੰਤਰਨਕਾਰ ਤੇ ਸੰਪਾਦਕ ਅੰਮ੍ਰਿਤਪਾਲ ਸਿੰਘ ਸ਼ੈਦਾ ਨੇ ਦੱਸਿਆ ਕਿ ਇਸ ਇਹ ਪੁਸਤਕ, ਪੰਜਾਬੀ ਭਾਸ਼ਾ ਦੀਆਂ ਦੋ ਲਿਪੀਆਂ, ਗੁਰਮੁਖੀ ਤੇ ਸ਼ਾਹਮੁਖੀ ਵਿੱਚ ਸਾਂਝੇ ਤੌਰ ’ਤੇ ਪ੍ਰਕਾਸ਼ਿਤ ਕੀਤੀ ਗਈ ਹੈ, ਤਾਂ ਜੋ ਗੁਆਂਢੀ ਮੁਲਕ ਦੇ ਲਹਿੰਦੇ ਪੰਜਾਬ ਵਿਚ ਸ਼ਾਹਮੁਖੀ ਪੰਜਾਬੀ ਦੇ ਪਾਠਕ ਤੇ ਵਿਦਵਾਨ ਵੀ ਚੜ੍ਹਦੇ ਪੰਜਾਬ ਦੀ ਕਹਾਣੀ ਕਲਾ ਦਾ ਆਨੰਦ ਮਾਣ ਸਕਣ ਤੇ ਆਪਸੀ ਸਾਹਿਤਿਕ ਸਾਂਝ ਹੋਰ ਵੀ ਗੂੜ੍ਹੀ ਹੋ ਸਕੇ। ਭੂਮਿਕਾ ਡਾ. ਅਮਰ ਕੋਮਲ ਨੇ ਲਿਖੀ ਹੈ। ਪੰਜਾਬ ਦੀ ਉੱਘੀ ਤ੍ਰੈਭਾਸ਼ੀ ਸੰਸਥਾ, ਤ੍ਰਿਵੇਣੀ ਸਾਹਿਤ ਪ੍ਰੀਸ਼ਦ, ਪਟਿਆਲਾ ਦੀ ਪੁਸਤਕ ’ਤੇ ਸੰਖੇਪ ਤਬਸਰਾ, ਅਸ਼ਰਫ਼ ਮਹਿਮੂਦ ਨੰਦਨ, ਐਡੀਟਰ ਪਰਵਾਜ਼ੇ-ਅਦਬ ਭਾਸ਼ਾ ਵਿਭਾਗ ਪੰਜਾਬ ਨੇ ਕੀਤਾ ਹੈ। ਸ੍ਰੀ ਸ਼ੈਦਾ ਨੇ ਇਹ ਵੀ ਦੱਸਿਆ ਕਿ ਇਹ ਪੁਸਤਕ ਦੁਨੀਆਂ ਦੇ ਸਮੂਹ ਪੰਜਾਬੀ ਹਲਕਿਆਂ ਤਕ ਪਹੁੰਚਾਉਣ ਦੀ ਯੋਜਨਾ ਹੈ।
ਲੋਕ ਅਰਪਣ ਮੌਕੇ ਗੁਰਦਰਸ਼ਨਗੁਸੀਲ, ਹਰੀ ਸਿੰਘ ਚਮਕ, ਨਿਰਮਲਾ ਗਰਗ, ਨਵੀਨ ਕਮਲ ਭਾਰਤੀ, ਆਰਡੀ ਜਿੰਦਲ, ਬਾਬੂ ਸਿੰਘ ਰਹਿਲ, ਤਿਰਲੋਕ ਢਿੱਲੋਂ, ਦਰਸ਼ਨ ਗੋਪਾਲਪੁਰੀ, ਸੁਖਮਿੰਦਰ ਸੇਖੋਂ, ਅੰਗਰੇਜ਼ ਕਲੇਰ, ਸੁਖਵਿੰਦਰ ਬਾਜਵਾ, ਰਘਬੀਰ ਸਿੰਘ ਮਹਿਮੀ, ਹਰਬੰਸ ਸਿੰਘ ਮਾਣਕਪੁਰੀ ਅਤੇ ਡਾ. ਹਰਪ੍ਰੀਤ ਸਿੰਘ ਰਾਣਾ ਨੇ ਵੀ ਸ਼ਮੂਲੀਅਤ ਕੀਤੀ।