ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 8 ਨਵੰਬਰ
ਪੰਜਾਬੀ ਦੇ ਕਵੀ ਸਰਦੂਲ ਸਿੰਘ ਭੱਲਾ ਦੇ ਰਚਿਤ ਪਲੇਠੇ ਕਾਵਿ ਸੰਗ੍ਰਿਹ ‘ਕੀ ਕਰੋਗੇ’ ਦਾ ਲੋਕ ਅਰਪਣ ਭਾਸ਼ਾ ਵਿਭਾਗ ਪੰਜਾਬ ਪਟਿਆਲਾ ਵੱਲੋਂ ਮਨਾਏ ਪੰਜਾਬ ਦਿਵਸ ਦੌਰਾਨ ਕੀਤਾ ਗਿਆ। ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਭਾਸ਼ਾ ਵਿਭਾਗ ਦੇ ਡਾਇਰੈਕਟਰ ਕਰਮਜੀਤ ਕੌਰ, ਪੰਜਾਬ ਸਾਹਿਤ ਸਭਾ ਪਟਿਆਲਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ਆਸ਼ਟ, ਪੰਜਾਬੀ ਯੂਨਿਵਰਸਿਟੀ ਪਟਿਆਲਾ ਦੇ ਡੀਨ (ਭਾਸ਼ਾਵਾਂ) ਡਾ. ਸਤਨਾਮ ਸਿੰਘ ਸੰਧੂ, ਸ੍ਰਦਰਸ਼ਨ ਸਿੰਘ ਬੁੱਟਰ ਤੇ ਸਿਕੰਦਰ ਕਵੀ ਸ਼ਾਮਿਲ ਹੋਏ।
ਪ੍ਰਧਾਨਗੀ ਮੰਡਲ ਵੱਲੋ ਸ੍ਰੀ ਭੱਲਾ ਨੂੰ ਵਧਾਈ ਦਿੱਤੀ ਗਈ। ਇਸ ਪੁਸਤਕ ਵਿੱਚ ਕਵੀ ਦੀ ਰਚਨਾ ਬਾਰੇ ਡਾ. ਆਸ਼ਟ ਨੇ ਆਪਣੀਆਂ ਭਾਵਨਾਵਾਂ ਸਾਂਝੀਆਂ ਕਰਦੇ ਲਿਖਿਆ ਹੈ ਕਿ ਸਰਦੂਲ ਸਿੰਘ ਭੱਲਾ ਦੀ ਕਵਿਤਾ ਕਾਣੀ ਵੰਡ ਜਾਂ ਬੇਦੋਸ਼ੀਆਂ ਨਾਲ ਹੁੰਦੀ ਜ਼ਿਆਦਤੀ ਵਿਰੁੱਧ ਬਗ਼ਾਵਤ ਕਰਦੀ ਹੈ ਅਤੇ ਸਮਾਜਵਾਦ ਦਾ ਸੁਨੇਹਾ ਦਿੰਦੀ ਹੈ। ਇਸ ਦੌਰਾਨ ਸ੍ਰੀ ਭੱਲਾ ਨੇ ਕਿਹਾ ਉਹ ਆਪਣੀ ਇਸ ਪੁਸਤਕ ਦੀ ਪ੍ਰਾਪਤੀ ਦਾ ਸਿਹਰਾ ਪੰਜਾਬ ਸਾਹਿਤ ਸਭਾ ਪਟਿਆਲਾ ਨੂੰ ਦਿੰਦੇ ਹਨ।