ਰਵੇਲ ਸਿੰਘ ਭਿੰਡਰ
ਪਟਿਆਲਾ, 5 ਫਰਵਰੀ
ਸ਼ਹੀਦ ਬਾਬਾ ਜੈ ਸਿੰਘ ਖਲਕਟ ਤੇ ਉਨ੍ਹਾਂ ਦੀ ਸ਼ਹੀਦੀ ’ਤੇ ਆਧਾਰਿਤ ਇਤਿਹਾਸਕ ਨਾਵਲ ‘ਜਿਨਾਂ ਪੁੱਠੀਆਂ ਖੱਲਾਂ ਲੁਹਾਈਆਂ’ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਭਾਈ ਹਰਪ੍ਰੀਤ ਸਿੰਘ ਨੇ ਲੋਕ ਅਰਪਣ ਕੀਤਾ। ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਅਣਗੌਲੇ ਸ਼ਹੀਦ ਸਿੰਘਾਂ ਸਬੰਧੀ ਖੋਜਾਂ ਹੋਣੀਆਂ ਲਾਜ਼ਮੀ ਹਨ ਅਤੇ ਗੁਰਨਾਮ ਸਿੰਘ ਅਕੀਦਾ ਨੇ ਸ਼ਹੀਦ ਬਾਬਾ ਜੈ ਸਿੰਘ ਖਲਕਟ ਬਾਰੇ ਨਾਵਲ ਲਿਖ ਕੇ ਚੰਗਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਸ਼ਹੀਦ ਬਾਬਾ ਜੈ ਸਿੰਘ ਖਲਕਟ ਦੀ ਸ਼ਹੀਦੀ ਦੀ ਤਸਵੀਰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਅਜਾਇਬ ਘਰ ਵਿਚ ਸੁਸ਼ੋਭਿਤ ਹੈ। ਪੰਜਾਬ ਯੂਨੀਵਰਸਿਟੀ ਪਟਿਆਲਾ ਸਿੱਖ ਧਰਮ ਵਿਸ਼ਵ-ਕੋਸ਼ ਵਿਭਾਗ ਦੇ ਮੁਖੀ ਡਾ. ਪਰਮਵੀਰ ਸਿੰਘ ਨੇ ਕਿਹਾ ਕਿ ਗੁਰਨਾਮ ਸਿੰਘ ਅਕੀਦਾ ਦਾ ਇਹ ਨਾਵਲ ਸ਼ਹੀਦ ਬਾਬਾ ਜੈ ਸਿੰਘ ਖਲਕਟ ਅਤੇ ਉਨ੍ਹਾਂ ਦੇ ਸਮਕਾਲੀ ਸ਼ਹੀਦ ਸਿੰਘਾਂ ਬਾਰੇ ਹੈ।
ਸਮਾਗਮ ਨੂੰ ਸ਼੍ਰੋਮਣੀ ਕਮੇਟੀ ਦੇ ਕਾਰਜਕਾਰੀ ਮੈਂਬਰ ਸਤਵਿੰਦਰ ਸਿੰਘ ਟੌਹੜਾ, ਬਰਾਡਕਾਸਟਰ ਪਰਮਿੰਦਰ ਸਿੰਘ ਟਿਵਾਣਾ, ਪ੍ਰੋ. ਜਸਵੰਤ ਸਿੰਘ ਪੂਨੀਆ ਨੇ ਵੀ ਸੰਬੋਧਨ ਕੀਤਾ। ਗੁਰਨਾਮ ਸਿੰਘ ਅਕੀਦਾ ਨੇ ਕਿਹਾ ਕਿ ਉਸ ਨੇ ਸਮੇਂ, ਸਥਾਨ ਤੇ ਵਿਸ਼ਾ ਵਸਤੂ ਅਨੁਸਾਰ ਇਸ ਨਾਵਲ ਨੂੰ ਲਿਖਣ ਦੀ ਕੋਸ਼ਿਸ਼ ਕੀਤੀ ਹੈ। ਇਸ ਮੌਕੇ ਭਾਈ ਹਰਪ੍ਰੀਤ ਸਿੰਘ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਪ੍ਰਧਾਨ ਸੁਰਜੀਤ ਸਿੰਘ, ਜਨਰਲ ਸਕੱਤਰ ਰੋਸ਼ਨ ਸਿੰਘ, ਖਜ਼ਾਨਚੀ ਕਰਮ ਸਿੰਘ ਤੇ ਹੋਰ ਕਮੇਟੀ ਮੈਂਬਰ ਵੀ ਮੌਜੂਦ ਸਨ।