ਪੱਤਰ ਪ੍ਰੇਰਕ
ਘਨੌਰ, 13 ਜੂਨ
ਇਸ ਖੇਤਰ ਵਿੱਚੋਂ ਗੁਜ਼ਰਦੀ ਭਾਖੜਾ ਦੀ ਨਰਵਾਣਾ ਬ੍ਰਾਂਚ ਨਹਿਰ ਵਿੱਚੋਂ ਨਿਕਲਦੇ ਰਜਵਾਹੇ ਅਰਨੋਲੀ ਅਤੇ ਉਦੈਪੁਰ ਮਾਈਨਰ ਸਮੇਤ ਹੋੋਰਨਾਂ ਰਜਵਾਹਿਆਂ ਵਿੱਚ ਪਾਣੀ ਦੀ ਬੰਦੀ ਕਾਰਨ ਕਿਸਾਨ ਸਿੰਜਾਈ ਸਹੂਲਤਾਂ ਦੀ ਘਾਟ ਨੂੰ ਲੈ ਕੇ ਨਹਿਰੀ ਪਾਣੀ ਨੂੰ ਤਰਸ ਰਹੇ ਹਨ। ਬੇਅਥਾਹ ਗਰਮੀ ਕਾਰਨ ਇਸ ਖੇਤਰ ਵਿੱਚ ਹਰਾ ਚਾਰਾ, ਝੋਨੇ ਦੀ ਪਨੀਰੀ ਅਤੇ ਸਬਜ਼ੀਆਂ ਪਾਣੀ ਦੀ ਘਾਟ ਕਾਰਨ ਸੋਕੇ ਦੀ ਮਾਰ ਹੇਠ ਆ ਰਹੀਆਂ ਹਨ। ਪੰਜਾਬ ਸਰਕਾਰ ਵੱਲੋਂ ਤੈਅ ਕੀਤੇ ਗਏ ਪ੍ਰੋਗਰਾਮ ਅਨੁਸਾਰ ਇਸ ਖਿੱਤੇ ਵਿੱਚ ਝੋਨੇ ਦੀ ਲਵਾਈ 17 ਜੂਨ ਤੋਂ ਆਰੰਭ ਹੋਣੀ ਹੈ ਪਰ ਨਹਿਰੀ ਪਾਣੀ ਦੇ ਮੁੱਖ ਰਜਵਾਹੇ ਅਰਨੋਲੀ ਅਤੇ ਉਦੇਪੁਰ ਮਾਈਨਰ ਵਿੱਚ ਨਹਿਰੀ ਵਿਭਾਗ ਵੱਲੋਂ ਅਜੇ ਪੁਲੀਆਂ ਦੀ ਉਸਾਰੀ ਅਧੀਨ ਹੋਣ ਕਾਰਨ 17 ਜੂਨ ਨੂੰ ਇਨ੍ਹਾਂ ਰਜਵਾਹਿਆਂ ਵਿੱਚ ਪਾਣੀ ਛੱਡੇ ਜਾਣ ਦੀ ਕੋਈ ਸੰਭਾਵਨਾ ਨਹੀਂ। ਇਸ ਨੂੰ ਲੈ ਕੇ ਕਿਸਾਨ ਪ੍ਰੇਸ਼ਾਨ ਹਨ। ਕਿਸਾਨ ਆਗੂਆਂ ਧਰਮਪਾਲ ਸਿੰਘ ਸੀਲ, ਜਗਪਾਲ ਸਿੰਘ ਮੰਡੌਲੀ, ਕਿਰਪਾਲ ਸਿੰਘ ਸਮੇਤ ਹੋਰਨਾਂ ਨੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਕਿ 17 ਜੂਨ ਨੂੰ ਰਜਵਾਹਿਆਂ ਵਿੱਚ ਪਾਣੀ ਛੱਡਣਾ ਯਕੀਨੀ ਬਣਾਉਣ ਲਈ ਪੁਲੀਆਂ ਦੀ ਉਸਾਰੀ ਤੁਰੰਤ ਮੁਕਮੰਲ ਕਰਵਾਈ ਜਾਵੇ। ਇਸ ਸੰਬਧੀ ਸੰਪਰਕ ਕਰਨ ’ਤੇ ਨਹਿਰੀ ਵਿਭਾਗ ਦੇ ਐਕਸੀਅਨ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ 17 ਜੂਨ ਤੱਕ ਪੁਲੀਆਂ ਦੀ ਉਸਾਰੀ ਮੁਕਮੰਲ ਕਰਵਾ ਕੇ ਰਜਵਾਹਿਆਂ ਵਿੱਚ ਪਾਣੀ ਛੱਡ ਦਿੱਤਾ ਜਾਵੇਗਾ।