ਖੇਤਰੀ ਪ੍ਰਤੀਨਿਧ
ਸਨੌਰ, 28 ਅਗਸਤ
ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਬਲਵਿੰਦਰ ਸਿੰਘ ਸੈਫਦੀਪੁਰ ਨੇ ਕਿਹਾ ਕਿ ਕਾਂਗਰਸ ਨੂੰ ਇਸ ਵਿਚਲਾ ਕਾਟੋਕਲੇਸ਼ ਲੈ ਬੈਠੇਗਾ। ਉਂਜ ਵੀ ਕਾਂਗਰਸ ਦੀਆਂ ਮਾਰੂ ਨੀਤੀਆਂ ਕਾਰਨ ਮੁਲਾਜ਼ਮ ਤੇ ਮਜ਼ਦੂਰ ਵਰਗ ਸਣੇ ਹੋਰ ਵਰਗ ਆਪਣੇ ਹੱਕਾਂ ਦੀ ਪੂਰਤੀ ਲਈ ਨਿੱਤ ਦਿਨ ਮੁੱਖ ਮੰਤਰੀ ਦੇ ਮਹਿਲ ਬਾਹਰ ਅਲਖ ਜਗਾ ਰਹੇ ਹਨ। ਇੱਥੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਉਨ੍ਹਾਂ ਕਿਹਾ ਕਿ ਬਿਨਾ ਸ਼ੱਕ ਪਿਛਲੀ ਵਾਰ ‘ਆਪ’ ਦੇ ਹੱਕ ’ਚ ਹਵਾ ਸੀ, ਪਰ ਵੋਟਾਂ ਤੱਕ ਲੋਕਾਂ ਨੂੰ ‘ਆਪ’ ਦੀ ਨਬਜ਼ ਸਮਝ ਆਉਣ ’ਤੇ ਇਹ ਹਵਾ ਵੀ ਹਵਾ ਹੋ ਗਈ। ਐਤਕੀਂ ‘ਆਪ’ ਦੀ ਵੀ ਲੋਕਾਂ ’ਚ ਉਹ ਗੱਲ ਨਹੀਂ ਹੈ। ਅਕਾਲੀ ਆਗੂ ਨੇ ਕਿਹਾ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਦੀ ਅਕਾਲੀ ਦਲ ਦੀ ਹੋਈ ਸ਼ਾਨਦਾਰ ਜਿੱਤ ਨੇ ਪੰਜਾਬ ਵਿਚ ਵੀ ਅਕਾਲੀ ਦਲ ਦੇ ਮੁੜ ਤੋਂ ਸਤ੍ਵਾ ’ਚ ਆਉਣ ਦਾ ਮੁੱਢ ਬੰਨ੍ਹ ਦਿੱਤਾ ਹੈ। ਸੈਫਦੀਪੁਰ ਨੇ ਕਿਹਾ ਕਿ ਮੁੱਖ ਮੰਤਰੀ ਅਤੇ ਕਾਂਗਰਸ ਪ੍ਰਧਾਨ ਪਟਿਆਲਾ ਨਾਲ਼ ਸਬੰਧਤ ਹੋਣ ਦੇ ਬਾਵਜੂਦ ਪਟਿਆਲਾ ’ਚ ਹੀ ਸ਼ਾਖ ਨਹੀਂ ਬਚਾਅ ਸਕਣਗੇ।