ਸਰਬਜੀਤ ਸਿੰਘ ਭੰਗੂ
ਪਟਿਆਲਾ, 22 ਜੂਨ
ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਸਮੇਤ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੰਜਾਬ ਭਰ ਵਿਚ ਬੁੱਤ ਲਾਉਣ ਦੀ ਮੰਗ ਲਈ ਕਾਂਗਰਸ ਆਗੂ ਗੁਰਸਿਮਰਨ ਸਿੰਘ ਮੰਡ ਨੇ ਅੱਜ ਇਥੇ ਡਿਪਟੀ ਕਮਿਸ਼ਨਰ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜਿਆ। ਉਨ੍ਹਾਂ ਕਿਹਾ ਕਿ ਉਹ ਸੱਤ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦੇ ਚੁੱਕੇ ਹਨ ਤੇ ਬਾਕੀ ਜ਼ਿਲ੍ਹਿਆਂ ਵਿੱਚ ਜਾ ਕੇ ਵੀ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਅਜਿਹੇ ਮੰਗ ਪੱਤਰ ਸੌਂਪਣਗੇ। ਕੁੱਲ ਹਿੰਦ ਕਾਂਗਰਸ (ਕਿਸਾਨ ਵਿੰਗ) ਦੇ ਰਾਸ਼ਟਰੀ ਸੰਯੁਕਤ ਕੁਆਰਡੀਨੇਟਰ ਗੁਰਸਿਮਰਨ ਮੰਡ ਨੇ ਕਿਹਾ ਕਿ ਤਿੰਨਾਂ ਵੱਡੇ ਨੇਤਾਵਾਂ ਨੇ ਸ਼ਹੀਦੀ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਬਚਾਉਣ ਲਈ ਦਿੱਤੀ ਸੀ, ਜੋ ਕਦੇ ਵੀ ਭੁੱਲੀ ਨਹੀਂ ਜਾ ਸਕਦੀ ਹੈ। ਪਟਿਆਲਾ ਦੇ ਕਿਸੇ ਪਾਰਕ ਜਾਂ ਚੌਕ ’ਚ ਇਨ੍ਹਾਂ ਸ਼ਹੀਦਾਂ ਦੀ ਯਾਦਗਾਰ ਸਥਾਪਿਤ ਕੀਤੀ ਜਾਵੇ। ਉਨ੍ਹਾਂ ਸਵਾਲ ਕੀਤਾ ਕਿ ਜੇ ਉਤਰਰਾਖੰਡ, ਹਰਿਆਣਾ, ਯੂਪੀ ਅਤੇ ਜੰਮੂ ਕਸ਼ਮੀਰ ‘ਚ ਸ਼ਹੀਦਾਂ ਦੇ ਬੁੱਤ ਸਥਾਪਤ ਹਨ ਤਾਂ ਪੰਜਾਬ ’ਚ ਕਿਉਂ ਨਹੀਂ ਹੋ ਸਕਦੇ। ਜੇਕਰ ਮਹੀਨੇ ‘ਚ ਬੁੱਤ ਲਗਾਉਣ ਦਾ ਕੰਮ ਸ਼ੁਰੂ ਨਹੀ ਕੀਤਾ ਜਾਂਦਾ ਤਾਂ ਉਹ ਨਿੱਜੀ ਖਰਚੇ ’ਤੇ ਬੁੱਤਾ ਸਥਾਪਤ ਕਰਨਗੇ। ਇਸ ਮੌਕੇ ਭਵਜੋਤ ਸਿੰਘ ਹਾਜ਼ਰ ਸੀ।