ਖੇਤਰੀ ਪ੍ਰ੍ਰ੍ਰਤੀਨਿਧ
ਪਟਿਆਲਾ, 2 ਜੁਲਾਈ
ਡਾ. ਅੰਬੇਡਕਰ ਕਰਮਚਾਰੀ ਮਹਾਸੰਘ ਪੰਜਾਬ ਦੇ ਸੂਬਾ ਪ੍ਰਧਾਨ ਡਾ. ਜਤਿੰਦਰ ਸਿੰਘ ਮੱਟੂ ਨੇ ਅੱਜ ਕਿਹਾ ਕਿ ਪੰਜਾਬ ਸਰਕਾਰ ਦੇ ਪਲੇਠੇ ਬਜਟ ਵਿੱਚ ਮਜ਼ਦੂਰਾਂ ਨੂੰ ਕੋਈ ਰਾਹਤ ਨਾ ਦੇਣ ਕਾਰਨ ਲੱਖਾਂ ਕਿਰਤੀ ਤੇ ਮਜ਼ਦੂਰ ਪਰਿਵਾਰਾਂ ਵਿੱਚ ਸਰਕਾਰ ਖਿਲਾਫ਼ ਰੋਹ ਹੈ। ਉਨ੍ਹਾਂ ਕਿਹਾ ਕਿ ਕਰੀਬ 1.56 ਲੱਖ ਕਰੋੜ ਦੇ ਬਜਟ ਵਿੱਚ ਮਜ਼ਦੂਰਾਂ ਲਈ ਧੇਲਾ ਵੀ ਨਹੀਂ ਰੱਖਿਆ। ਮਹਿੰਗਾਈ ਅਸਮਾਨ ਛੂਹਣ ਦੇ ਬਾਵਜੂਦ ਸਾਲਾਂ ਤੋਂ ਕਿਰਤ ਵਿਭਾਗ ਨੇ ਮਜ਼ਦੂਰ ਦੀ ਦਿਹਾੜੀ ਵਿੱਚ ਕੋਈ ਵਾਧਾ ਨਹੀਂ ਕੀਤਾ। ਝੋਨੇ ਦੀ ਸਿੱਧੀ ਬਿਜਾਈ ਲਈ ਸਰਕਾਰ ਵਲੋਂ ਕਿਸਾਨ ਨੂੰ ਤਾਂ ਰਾਹਤ ਦੇ ਦਿੱਤੀ ਗਈ ਹੈ, ਪਰ ਸਿੱਧੀ ਲਵਾਈ ਨਾਲ ਮਜ਼ਦੂਰ ਦੀ ਕਿਰਤ ਖੁੱਸ ਗਈ ਉਸ ਬਦਲੇ ਮਜ਼ਦੂਰਾਂ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ। ਡਾ. ਮੱਟੂ ਨੇ ਹੋਰ ਕਿਹਾ ਕਿ ਹਾਦਸੇ ’ਚ ਫੌਤ ਹੋਣ ਵਾਲੇ ਮਜ਼ਦੂਰ ਦੇ ਪਰਿਵਾਰ ਲਈ ਕੋਈ ਮੁਆਵਜ਼ਾ ਨਹੀਂ ਤੇ ਨਾ ਹੀ ਮਜ਼ਦੂਰ ਪਰਿਵਾਰਾਂ ਨੂੰ ਸਮਾਜਿਕ ਤਾਣਾ-ਬਾਣਾ ਠੀਕ ਕਰਨ ਲਈ ਕਿਸੇ ਵੀ ਤਰ੍ਹਾਂ ਦੇ ਕਰਜ਼ੇ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਕੋਆਪਰੇਟਿਵ ਸੁਸਾਇਟੀਆਂ ਵਿੱਚ ਮਜ਼ਦੂਰ ਕਿਰਤੀ ਲੋਕਾਂ ਨੂੰ ਵੀ ਮੈਂਬਰਸ਼ਿਪ ਦਿੱਤੀ ਜਾਵੇ।