ਪੱਤਰ ਪ੍ਰੇਰਕ
ਪਾਤੜਾਂ, 31 ਮਈ
ਦੋ ਹਫ਼ਤੇ ਪਹਿਲਾਂ ਆਏ ਮੀਂਹ, ਹਨੇਰੀ ਦੌਰਾਨ ਬਿਜਲੀ ਦੇ ਖੰਭੇ ਤੇ ਡਿੱਗੇ ਟਰਾਂਸਫਾਰਮਰ ਨੂੰ ਬਿਜਲੀ ਕਰਮਚਾਰੀਆਂ ਵੱਲੋਂ ਠੀਕ ਨਹੀਂ ਕੀਤਾ ਜਾ ਰਿਹਾ ਜਦੋਂ ਕਿ ਸਬੰਧਤ ਕਿਸਾਨ ਵੱਲੋਂ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਕਈ ਵਾਰ ਫ਼ਰਿਆਦ ਕੀਤੀ ਜਾ ਚੁੱਕੀ ਹੈ। ਅਮਰੀਕ ਕੌਰ ਸ਼ੁਤਰਾਣਾ ਨੇ ਦੱਸਿਆ ਕਿ ਉਸ ਦੇ ਪਿਤਾ ਮਰਹੂਮ ਦਲੀਪ ਸਿੰਘ ਦੀ ਮਾਲਕੀ ਵਾਲੀ ਜ਼ਮੀਨ ਲੱਗੀ ਮੋਟਰ ਨੂੰ ਬਿਜਲੀ ਸਪਲਾਈ ਦੇਣ ਵਾਲਾ ਟਰਾਂਸਫਾਰਮਰ ਗੁਆਂਢੀ ਦੀ ਜ਼ਮੀਨ ਵਿਚ ਲੱਗਾ ਹੋਇਆ ਹੈ। ਹਨੇਰੀ ਕਾਰਨ ਡਿੱਗਿਆ ਟਰਾਂਸਫਾਰਮਰ ਮੁੜ ਚਾਲੂ ਕਰਵਾਉਣ ਲਈ ਉਨ੍ਹਾਂ ਬਿਜਲੀ ਦਫ਼ਤਰ ਸ਼ੁਤਰਾਣਾ ਤੇ ਐਕਸੀਅਨ ਪਾਤੜਾਂ ਕੋਲ ਫਰਿਆਦ ਕੀਤੀ ਗਈ ਸੀ। ਮੁਲਾਜ਼ਮਾਂ ਵੱਲੋਂ ਹੋਰ ਮੋਟਰਾਂ ਦੀ ਬਿਜਲੀ ਚਾਲੂ ਕਰ ਦਿੱਤੀ ਗਈ ਹੈ ਪਰ ਉਨ੍ਹਾਂ ਟਰਾਂਸਫਾਰਮਰ ਡਿੱਗਿਆ ਹੀ ਰਹਿਣ ਦਿੱਤਾ। ਅਮਰੀਕ ਕੌਰ ਨੇ ਬਿਜਲੀ ਬੋਰਡ ਦੇ ਉੱਚ ਅਧਿਕਾਰੀਆਂ ਤੋਂ ਟਰਾਂਸਫਾਰਮਰ ਚਾਲੂ ਕਰਨ ਦੀ ਮੰਗ ਕੀਤੀ ਹੈ। ਇਸ ਸਬੰਧੀ ਐੱਸਡੀਓ ਸ਼ੁਤਰਾਣਾ ਜੋਧਾ ਰਾਮ ਨੇ ਕਿਹਾ ਕਿ ਬਹੁਤ ਜ਼ਿਆਦਾ ਖੰਭੇ ਡਿੱਗਣ ਕਾਰਨ ਕੰਮ ਬਹੁਤ ਹੈ ਪਰ ਫਿਰ ਵੀ ਬੁੱਧਵਾਰ ਤੱਕ ਟਰਾਂਸਫਾਰਮਰ ਨੂੰ ਚਾਲੂ ਕਰਵਾ ਦਿੱਤਾ ਜਾਵੇਗਾ।