ਖੇਤਰੀ ਪ੍ਰਤੀਨਿਧ
ਪਟਿਆਲਾ, 15 ਨਵੰਬਰ
ਪੰਜਾਬੀ ਯੂਨੀਵਰਸਿਟੀ ਦੇ ਰਿਸਰਚ ਸਕਾਲਰ ਜਗਜੀਤ ਸਿੰਘ ਪੰਜੋਲੀ ਵੱਲੋਂ ਪੰਜਾਬ ਦੇ ਸਰਕਾਰੀ ਕਾਲਜਾਂ ਵਿਚ ਧਰਮ ਅਧਿਐਨ ਨੂੰ ਵਿਸ਼ੇ ਵਜੋਂ ਲਾਗੂ ਕਰਵਾਉਣ ਸਬੰਧੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮੰਗ ਪੱਤਰ ਦਿੱਤਾ ਗਿਆ। ਉਨ੍ਹਾਂ ਤਰਕ ਦਿੱਤਾ ਕਿ ਸਰਕਾਰੀ ਵਿਦਿਅਕ ਅਦਾਰਿਆਂ ਲਈ 33 ਵਿਸ਼ਿਆਂ ਦੇ ਲੈਕਚਰਾਰਾਂ ਦੀਆਂ ਕੱਢੀਆਂ ਅਸਾਮੀਆਂ ਵਿਚ ਧਰਮ ਦਾ ਵਿਸ਼ਾ ਸ਼ਾਮਿਲ ਨਹੀਂ ਹੈ। ਲੋਕਾਂ ਨੂੰ ਧਰਮ ਦੀ ਸਮਝ ਨਾ ਹੋਣ ਕਾਰਨ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ। ਜਦੋਂ ਕਿ ਸਿੱਖ, ਹਿੰਦੂ, ਮੁਸਲਮ, ਇਸਾਈ, ਜੈਨ ਤੇ ਬੁੱਧ ਆਦਿ ਧਰਮ ਸਾਨੂੰ ਨੈਤਿਕਤਾਂ ਦਾ ਪਾਠ ਪੜ੍ਹਾਉਂਦੇ ਹਨ ਫਿਰ ਵੀ ਸਮਾਜ ਵਿਚ ਅਜਿਹੀਆਂ ਘਟਨਾਵਾਂ ਵਾਪਰਨ ਤੋਂ ਇਹ ਸਾਬਤ ਹੁੰਦਾ ਹੈ ਕਿ ਸਮਾਜ ਵਿਚ ਧਰਮ ਦੀ ਸਹੀ ਸਮਝ ਨਹੀਂ ਹੈ। ਲੋਕਾਂ ਨੂੰ ਧਰਮ ਦੇ ਹਵਾਲੇ ਨਾਲ ਨੈਤਿਕਤਾ ਦਾ ਪਾਠ ਪੜ੍ਹਾਉਣ ਲਈ ਉਨ੍ਹਾਂ ਨੂੰ ਧਰਮ ਦੀ ਘੱਟੋ-ਘੱਟ ਮੁਢਲੀ ਸਮਝ ਹੋਣੀ ਜ਼ਰੂਰੀ ਹੈ, ਜਿਸ ਨੂੰ ਸਕੂਲ, ਕਾਲਜ ਪੱਧਰ ’ਤੇ ਵਿਸ਼ੇ ਵਜੋਂ ਲਾਗੂ ਕਰਨਾ ਚਾਹੀਦਾ ਹੈ।