ਪੱਤਰ ਪ੍ਰੇਰਕ
ਰਾਜਪੁਰਾ, 24 ਸਤੰਬਰ
ਖੇਤਰ ਦੀਆਂ ਸਖ਼ਸ਼ੀਅਤਾਂ ਨੇ ਦਿੱਲੀ-ਅੰਮ੍ਰਿਤਸਰ ਮੁੱਖ ਰੇਲ ਮਾਰਗ ਰਾਹੀਂ ਸ੍ਰੀ ਅੰਮ੍ਰਿਤਸਰ ਨੂੰ ਤਖ਼ਤ ਸ੍ਰੀ ਪਟਨਾ ਸਾਹਿਬ, ਤਖਤ ਸ੍ਰੀ ਹਜ਼ੂਰ ਸਾਹਿਬ ਨਾਲ ਜੋੜਨ ਵਾਲੀ ਐਕਸਪ੍ਰੈੱਸ ਰੇਲ ਗੱਡੀਆਂ ਦਾ ਰੂਟ ਵਾਇਆ ਰਾਜਪੁਰਾ-ਸਰਹਿੰਦ-ਅੰਬਾਲਾ ਕੀਤੇ ਜਾਣ ਦੀ ਮੰਗ ਕੀਤੀ ਹੈ। ਇਲਾਕੇ ਦੀਆਂ ਪ੍ਰਮੁੱਖ ਸਖ਼ਸ਼ੀਅਤਾਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਚਾਰ ਸਕੱਤਰ ਜਥੇਦਾਰ ਸੁਖਜੀਤ ਸਿੰਘ ਬਘੌਰਾ, ਸ਼੍ਰੋਮਣੀ ਕਮੇਟੀ ਮੈਂਬਰ ਜਸਮੇਰ ਸਿੰਘ ਲਾਛੜੂ, ਸੁਰਜੀਤ ਸਿੰਘ ਗੜ੍ਹੀ ਅਤੇ ਗਿਆਨੀ ਭੁਪਿੰਦਰ ਸਿੰਘ ਗੋਲੂ ਸਮੇਤ ਇਲਾਕੇ ਦੀਆਂ ਪੰਚਾਇਤਾਂ ਅਤੇ ਹੋਰਾਂ ਲੋਕਾਂ ਨੇ ਕੇਂਦਰੀ ਰੇਲ ਮੰਤਰੀ, ਲੋਕ ਸਭਾ ਮੈਂਬਰ ਪਟਿਆਲਾ ਅਤੇ ਫਤਿਹਗੜ੍ਹ ਸਾਹਿਬ ਨੂੰ ਪੱਤਰ ਲਿਖ ਕੇ ਜਾਣੂ ਕਰਵਾਇਆ ਕਿ ਅੰਮ੍ਰਿਤਸਰ ਤੋਂ ਨੰਦੇੜ (ਤਖਤ ਹਜ਼ੂਰ ਸਾਹਿਬ) ਲਈ ਪਿਛਲੇ ਲੰਮੇਂ ਅਰਸੇ ਤੋਂ ਚੱਲ ਰਹੀ ਸੱਚਖੰਡ ਐਕਸਪ੍ਰੈੱਸ ਜਿਹੜੀ ਕਿ ਕੋਵਿਡ-19 ਤੋਂ ਪਹਿਲਾਂ ਅੰਮ੍ਰਿਤਸਰ-ਨੰਦੇੜ ਵਾਇਆ ਖੰਨਾ, ਸਰਹਿੰਦ, ਰਾਜਪੁਰਾ, ਅੰਬਾਲਾ ਚੱਲਦੀ ਸੀ, ਨੂੰ ਪਿਛਲੇ ਸਮੇਂ ਦੌਰਾਨ ਰੇਲਵੇ ਵਿਭਾਗ ਵੱਲੋਂ ਵਾਇਆ ਮੁਹਾਲੀ, ਚੰਡੀਗੜ੍ਹ, ਲੁਧਿਆਣਾ ਕਰ ਦਿੱਤਾ ਗਿਆ ਹੈ। ਇਸ ਕਾਰਨ ਖੰਨਾ, ਸਰਹਿੰਦ, ਰਾਜਪੁਰਾ ਦੇ ਸ਼ਰਧਾਲੂਆਂ ਨੂੰ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਸਤੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।