ਪੱਤਰ ਪ੍ਰੇਰਕ
ਰਾਜਪੁਰਾ, 21 ਸਤੰਬਰ
ਭਾਰਤੀ ਜਨਤਾ ਪਾਰਟੀ ਓਬੀਸੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਹੈਪੀ ਕੰਬੋਜ ਦੀ ਅਗਵਾਈ ਵਿੱਚ ਵਫਦ ਨੇ ਐੱਸਡੀਐੱਮ ਰਾਜਪੁਰਾ ਨੂੰ ਮੰਗ ਪੱਤਰ ਸੌਂਪ ਕੇ ਸ਼ਹੀਦ ਊਧਮ ਸਿੰਘ ਦੇ ਬੁੱਤ ਦੀ ਭੰਨਤੋੜ ਕਰਨ ਵਾਲਿਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਵਫਦ ਵਿੱਚ ਸਤਪਾਲ ਸਿੰਘ, ਗੁਰਮੇਲ ਸਿੰਘ, ਨਰਿੰਦਰ ਸਿੰਘ, ਹਰਜੀਤ ਸਿੰਘ ਸੈਣੀ ਅਤੇ ਨੰਬਰਦਾਰ ਰਾਜਵੀਰ ਸਮੇਤ ਹੋਰ ਸ਼ਾਮਲ ਸਨ। ਐੱਸਡੀਐੱਮ ਡਾ. ਸੰਜੀਵ ਕੁਮਾਰ ਦੇ ਨਾਮ ਮੰਗ ਪੱਤਰ ਨਾਇਬ ਤਹਿਸੀਲਦਾਰ ਰਾਜੀਵ ਕੁਮਾਰ ਨੂੰ ਸੌਂਪ ਕੇ ਜਾਣੂ ਕਰਵਾਇਆ ਕਿ ਸ਼ਹਿਰੀ ਖੇਤਰ ਵਿੱਚੋਂ ਗੁਜ਼ਰਦੇ ਅੰਮ੍ਰਿਤਸਰ-ਦਿੱਲੀ ਕੌਂਮੀ ਸ਼ਾਹ ਮਾਰਗ ’ਤੇ ਨਵੇਂ ਬੱਸ ਸਟੈਂਡ ਵਿੱਚ ਲੱਗੇ ਸ਼ਹੀਦ ਊਧਮ ਸਿੰਘ ਦੇ ਬੁੱਤ ਦੀ ਲੰਘੇ ਦਿਨ ਭੰਨਤੋੜ ਕਰਦਿਆਂ ਸ਼ਹੀਦ ਦੇ ਹੱਥ ਵਿੱਚ ਫੜੀ ਪਿਸਤੋਲ ਤੋੜ ਦਿੱਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਪਿਛਲੇ ਕੁਝ ਸਾਲਾਂ ਦੌਰਾਨ ਇਹ ਅਜਿਹੀ ਤੀਜੀ ਘਟਨਾ ਹੈ। ਇਸ ਕਾਰਨ ਕੰਬੋਜ ਭਾਈਚਾਰੇ ਸਮੇਤ ਹੋਰਨਾਂ ਵਰਗਾਂ ਦੇ ਲੋਕਾਂ ਵਿੱਚ ਤਿੱਖਾ ਰੋਸ ਹੈ। ਉਨ੍ਹਾਂ ਮੰਗ ਕੀਤੀ ਕਿ ਸ਼ਰਾਰਤੀ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਅਤੇ ਬੁੱਤ ਨੂੰ ਕੱਚ ਦੇ ਕੈਬਿਨ ਨਾਲ ਕਬਰ ਕਰਕੇ ਸੀਸੀ ਟੀਵੀ ਕੈਮਰੇ ਅਤੇ ਪੱਕੇ ਤੌਰ ’ਤੇ ਪੁਲੀਸ ਦਾ ਪਹਿਰਾ ਲਗਾਇਆ ਜਾਵੇ।